ਭਾਜਪਾ ਨੇ ਟੰਡਨ ਧੜੇ ਦੇ ਰਾਜੇਸ਼ ਕਾਲੀਆ ਨੂੰ ਮੇਅਰ ਦਾ ਉਮੀਦਵਾਰ ਐਲਾਨਿਆ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਦੇ ਖੇਮੇ ਦੇ ਕੌਂਸਲਰ ਰਾਜੇਸ਼ ਕਾਲੀਆ ਨੂੰ ਮੇਅਰ ਦਾ ਉਮੀਦਵਾਰ ਐਲਾਨਿਆ ਹੈ। ਭਾਜਪਾ ਨੇ ਇਸ ਵਾਰ ਸੀਨੀਅਰ ਡਿਪਟੀ ਮੇਅਰ ਦੀ ਉਮੀਦਵਾਰੀ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਨੂੰ ਦਿੱਤੀ ਹੈ ਜਦਕਿ ਡਿਪਟੀ ਮੇਅਰ ਲਈ ਸੰਸਦ ਮੈਂਬਰ ਕਿਰਨ ਖੇਰ ਧੜੇ ਦੇ ਕੌਂਸਲਰ ਕੰਵਰਜੀਤ ਰਾਣਾ ਨੂੰ ਉਮੀਦਵਾਰ ਬਣਾਇਆ ਹੈ। ਇੱਥੇ ਭਾਜਪਾ ਦੇ ਦਫਤਰ ਵਿਚ ਪਾਰਟੀ ਦੇ ਕੌਮੀ ਸੰਗਠਨ ਸਕੱਤਰ ਦਿਨੇਸ਼ ਕੁਮਾਰ ਨੇ ਪਹਿਲਾਂ ਅੱਜ ਸਾਰੇ ਕੌਂਸਲਰਾਂ ਨੂੰ ਬੰਦ ਕਮਰੇ ਵਿਚ ਬਿਠਾ ਕੇ ਉਮੀਦਵਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਰਨ ਖੇਰ ਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਧੜੇ ਨਾਲ ਸਬੰਧਤ ਕੌਸਲਰ ਸਤੀਸ਼ ਕੈਂਥ ਤੇ ਫਰਮਿਲਾ ਦੇਵੀ ਭੜਕ ਉਠੇ। ਉਹ ਦਿਨੇਸ਼ ਕੁਮਾਰ ਨਾਲ ਪ੍ਰੈੱਸ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਥਾਂ ਬੜਬੁੜਾਉਂਦੇ ਹੋਏ ਪਾਰਟੀ ਦਫਤਰ ਵਿਚੋਂ ਚਲੇ ਗਏ। ਫਰਮਿਲਾ ਦੇਵੀ ਨੇ ਕਿਹਾ ਕਿ ਉਹ ਇਸ ਫ਼ੈਸਲੇ ਤੋਂ ਨਿਰਾਸ਼ ਹਨ ਅਤੇ ਵਾਪਸ ਜਾ ਰਹੇ ਹਨ। ਦੂਸਰੇ ਪਾਸੇ ਸ੍ਰੀ ਕੈਂਥ ਨੇ ਆਜ਼ਾਦ ਉਮੀਦਵਾਰ ਵਜੋਂ ਮੇਅਰ ਦੇ ਅਹੁਦੇ ਲਈ ਕਾਗਜ਼ ਦਾਖ਼ਲ ਕਰਵਾ ਕੇ ਸਿੱਧੇ ਤੌਰ ’ਤੇ ਬਗਾਵਤ ਕਰ ਦਿੱਤੀ ਹੈ। ਫਰਮਿਲਾ ਤੇ ਆਜ਼ਾਦ ਕੌਂਸਲਰ ਦਲੀਪ ਸ਼ਰਮਾ ਨੇ ਕਾਗਜ਼ੀ ਪ੍ਰਕਿਰਿਆ ਵਿਚ ਸ੍ਰੀ ਕੈਂਥ ਦੀ ਤਾਈਦ ਕੀਤੀ ਹੈ।ਦਿਨੇਸ਼ ਕੁਮਾਰ ਨੇ ਪੱਤਰਕਾਰਾਂ ਮੂਹਰੇ ਉਮੀਦਵਾਰਾਂ ਦੇ ਨਾਮ ਐਲਾਨ ਕਰਦਿਆਂ ਕਿਹਾ ਕਿ ਹਾਈਕਮਾਂਡ ਨੇ ਸਾਰੇ ਪੱਖਾਂ ਨੂੰ ਵਿਚਾਰ ਕੇ ਤਿੰਨ ਉਮੀਦਵਾਰਾਂ ਦੀ ਚੋਣ ਕੀਤੀ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਸ੍ਰੀ ਕੈਂਥ ਤੇ ਫਰਮਿਲਾ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਤਾਂ ਦਿਨੇਸ਼ ਕੁਮਾਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਸੰਸਦ ਮੈਂਬਰ ਕਿਰਨ ਖੇਰ ਨੇ ਵੀ ਕਿਹਾ ਕਿ ਕੋਈ ਵੀ ਨਾਰਾਜ਼ ਨਹੀਂ ਹੈ। ਦੱਸਣਯੋਗ ਹੈ ਕਿ ਨਿਗਮ ਵਿਚਲੇ ਕੁੱਲ 26 ਕੌਂਸਲਰਾਂ ਵਿਚੋਂ 20 ਭਾਜਪਾ ਦੇ ਕੌਂਸਲਰ ਹਨ। ਇਕ ਕੌਂਸਲਰ ਭਾਜਪਾ ਦੇ ਭਾਈਵਾਲ ਅਕਾਲੀ ਦਲ ਦਾ ਹੈ ਅਤੇ ਆਜ਼ਾਦ ਕੌਂਸਲਰ ਦਲੀਪ ਸ਼ਰਮਾ ਵੀ ਭਾਜਪਾ ਦੇ ਹੀ ਨਾਲ ਹੈ। ਇਸ ਤੋਂ ਇਲਾਵਾ ਇਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ ਜਦਕਿ ਕਾਂਗਰਸ ਦੇ ਕੇਵਲ ਚਾਰ ਕੌਂਸਲਰ ਹੀ ਹਨ। ਉਂਜ 18 ਜਨਵਰੀ ਨੂੰ ਜਦੋਂ ਬਾਅਦ ਦੁਪਹਿਰ ਮੇਅਰ ਚੋਣਾਂ ਹੋਣੀਆਂ ਹਨ, ਉਸੇ ਦਿਨ ਹੀ ਸੁਪਰੀਮ ਕੋਰਟ ਵਿਚ ਨਾਮਜ਼ਦ 9 ਕੌਂਸਲਰਾਂ ਦਾ ਵੋਟ ਦਾ ਅਧਿਕਾਰ ਬਹਾਲ ਕਰਨ ਦੇ ਮਾਮਲੇ ਵਿਚ ਸੁਣਵਾਈ ਹੋਣੀ ਹੈ। ਦੱਸਣਯੋਗ ਹੈ ਕਿ ਇਸ ਵਾਰ ਮੇਅਰ ਦਾ ਅਹੁੱਦਾ ਦਲਿਤ ਵਰਗ ਲਈ ਰਾਖਵਾਂ ਹੈ। ਸ੍ਰੀ ਕੈਂਥ ਨੇ ਦੋਸ਼ ਲਾਇਆ ਕਿ ਕਿਰਨ ਖੇਰ ਅਤੇ ਸ੍ਰੀ ਟੰਡਨ ਨੇ ਜਾਤੀਵਾਦ ਨੂੰ ਹਵਾ ਦੇ ਉਨ੍ਹਾਂ ਦੀ ਉਮੀਦਵਾਰੀ ਖੋਹੀ ਹੈ ਜਦਕਿ ਬਹੁਗਿਣਤੀ ਕੌਂਸਲਰ ਉਨ੍ਹਾਂ ਦੇ ਹੱਕ ਵਿਚ ਸਨ। ਉਨ੍ਹਾਂ ਕਿਹਾ ਕਿ ਉਹ ਕਾਗਜ਼ ਵਾਪਸ ਨਹੀਂ ਲੈਣਗੇ ਅਤੇ ਹਰੇਕ ਕੋਲੋਂ ਵੋਟ ਮੰਗਣਗੇ।

Previous articleਬ੍ਰੈਗਜ਼ਿਟ ਸਮਝੌਤਾ: ਵੋਟਿੰਗ ’ਚ ਪ੍ਰਧਾਨ ਮੰਤਰੀ ਮੇਅ ਨੂੰ ਹਾਰ
Next articleਕੋਹਲੀ ਅਤੇ ਧੋਨੀ ਦੇ ਕਰਾਰੇ ਜਵਾਬ ਨਾਲ ਭਾਰਤ ਨੇ ਮੈਚ ਜਿੱਤਿਆ