ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਮੁਲਕ ਵੱਲੋਂ ਯੂਰੋਪੀਅਨ ਯੂਨੀਅਨ ਨਾਲ ਸਮਝੌਤੇ ਤੋਂ ਬਿਨਾਂ ਨਾਤਾ ਤੋੜਨ ਦੀ ਸੰਭਾਵਨਾ ਖ਼ਿਲਾਫ਼ ਵੋਟ ਪਾਏ ਹਨ। ਇਸ ਨਾਲ 29 ਮਾਰਚ ਨੂੰ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਮਿੱਥੀ ਤਰੀਕ ਅੱਗੇ ਪੈ ਸਕਦੀ ਹੈ। ਮੰਗਲਵਾਰ ਨੂੰ ਦੂਜੀ ਵਾਰ ਬ੍ਰੈਗਜ਼ਿਟ ਸਮਝੌਤੇ ਦਾ ਮਤਾ ਡਿੱਗਣ ਮਗਰੋਂ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ 29 ਮਾਰਚ ਨੂੰ ਸਮਝੌਤੇ ਬਿਨਾਂ ਬ੍ਰੈਗਜ਼ਿਟ ਵਾਲੇ ਸਰਕਾਰੀ ਮਤੇ ਦਾ ਐਲਾਨ ਕੀਤਾ। ਉਨ੍ਹਾਂ ਮਤੇ ’ਚ ਸੰਸਦ ਮੈਂਬਰਾਂ ਨੂੰ ਆਜ਼ਾਦਾਨਾ ਵੋਟ ਦਾ ਵਾਅਦਾ ਕੀਤਾ ਪਰ ਇਹ ਬੜੇ ਧਿਆਨ ਨਾਲ ਲਿਖਿਆ ਗਿਆ ਹੈ। ਮਤੇ ’ਚ ਕਿਹਾ ਗਿਆ ਹੈ ਕਿ ਯੂਕੇ ਨੂੰ ਯੂਰੋਪੀਅਨ ਯੂਨੀਅਨ ਤੋਂ ਬਿਨਾਂ ਸਮਝੌਤੇ ਤੋਂ ਵੱਖ ਨਹੀਂ ਹੋਣਾ ਚਾਹੀਦਾ ਹੈ ਪਰ ਕਿਸੇ ਹੋਰ ਸਮੇਂ ’ਤੇ ‘ਨੋ-ਡੀਲ ਬ੍ਰੈਗਜ਼ਿਟ’ ਦਾ ਬਦਲ ਵੀ ਰਹੇਗਾ। ਸਰਕਾਰ ਬ੍ਰੈਗਜ਼ਿਟ ਪ੍ਰਕਿਰਿਆ ਨੂੰ ਆਪਣੇ ਕੰਟਰੋਲ ਜਦਕਿ ‘ਨੋ-ਡੀਲ ਬ੍ਰੈਗਜ਼ਿਟ’ ਨੂੰ ਸਦਨ ’ਚ ਰੱਖਣਾ ਚਾਹੁੰਦੀ ਹੈ। ਸਰਕਾਰ ਨੇ ਸੰਸਦ ਮੈਂਬਰਾਂ ਨੂੰ ਆਪਣੇ ਆਜ਼ਾਦਾਨਾ ਵੋਟ ਦੇ ਵਾਅਦੇ ਨੂੰ ਤੋੜਦਿਆਂ ਉਨ੍ਹਾਂ ਨੂੰ ਸੋਧੇ ਹੋਏ ਮਤੇ ਖ਼ਿਲਾਫ਼ ਵੋਟ ਪਾਉਣ ਲਈ ਕਿਹਾ। ਸਰਕਾਰ ਦੇ ਪੱਖ ’ਚ 278 ਜਦਕਿ ਵਿਰੋਧ ’ਚ 321 ਵੋਟਾਂ ਪਈਆਂ। ਹੁਣ ਹਾਊਸ ਆਫ਼ ਕਾਮਨਜ਼ ’ਚ ਨਵਾਂ ਮਤਾ ਪਾਸ ਕਰਾਉਣਾ ਪਏਗਾ। ਇਸ ਤਹਿਤ ਮੇਅ ਯੂਰੋਪੀਅਨ ਯੂਨੀਅਨ ’ਚ ਜਾ ਕੇ ਉਨ੍ਹਾਂ ਤੋਂ ਧਾਰਾ 50 ’ਚ ਵਿਸਥਾਰ ਕਰਨ ਦੀ ਇਜਾਜ਼ਤ ਮੰਗੇਗੀ ਜਿਸ ਨਾਲ ਕਾਨੂੰਨੀ ਤੌਰ ’ਤੇ ਬ੍ਰਿਟੇਨ ਦੇ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਰਾਹ ਪੱਧਰਾ ਹੋ ਜਾਵੇਗਾ। ਸੰਸਦ ਮੈਂਬਰਾਂ ਨੇ ਯੂਰੋਪੀਅਨ ਯੂਨੀਅਨ ਤੋਂ 22 ਮਈ ਤਕ ਲਈ ਤੋੜ ਵਿਛੋੜੇ ’ਚ ਦੇਰੀ ਕਰਨ ਦੀ ਯੋਜਨਾ ਨੂੰ ਵੀ 164 ਦੇ ਮੁਕਾਬਲੇ 374 ਵੋਟਾਂ ਨਾਲ ਰੱਦ ਕਰ ਦਿੱਤਾ।
HOME ਬ੍ਰੈਗਜ਼ਿਟ: ਯੂਰੋਪੀਅਨ ਯੂਨੀਅਨ ਨਾਲੋਂ ਨਿਖੇੜੇ ’ਚ ਦੇਰੀ ਦੇ ਆਸਾਰ