ਲੰਡਨ ਸਮਰਾ (ਸਮਾਜਵੀਕਲੀ)– ਬ੍ਰਿਟੇਨ ਸਰਕਾਰ ਨੇ ਦੇਸ਼ ਵਿਚ ਕੋਰੋਨਾ ਦੇ ਕਾਰਣ ਲਾਗੂ ਲਾਕਡਾਊਨ ਨੂੰ ਆਸਾਨ ਬਣਾਉਣ ਲਈ ‘ਸਪੋਰਟ ਬਬਲ’ ਬਣਾਇਆ ਹੈ। ਜਿਸਦੇ ਤਹਿਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਵਿਚ ਇਕੱਲੇ ਰਹਿ ਰਹੇ ਲੋਕਾਂ ਨੂੰ ਆਪਣੇ ਹੋਰ ਕਿਸੇ ਜਾਣਕਾਰ ਦੇ ਘਰ ਜਾਣ ਤੇ ਰਾਤ ਰੁਕਣ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਲਾਕਡਾਊਨ ਦੇ ਚੱਲਦੇ ਲੋਕਾਂ ਨੂੰ ਇਕ-ਦੂਜੇ ਦੇ ਘਰ ਜਾਣ ਦੀ ਮਨਾਹੀ ਸੀ।
ਉਨ੍ਹਾਂ ਕਿਹਾ ਕਿ ਸ਼ਨੀਵਾਰ ਤੋਂ ਦੇਸ਼ ਵਿਚ ਇਕੱਲੇ ਰਹਿ ਰਹੇ ਲੋਕਾਂ ਨੂੰ ਆਪਣੇ ਦੋਸਤਾਂ ਦੇ ਘਰ ਜਾਣ ਦੀ ਆਗਿਆ ਹੈ ਹਾਲਾਂਕਿ ਉਨ੍ਹਾਂ ਨੂੰ ਇਕ ਤੋਂ ਵਧੇਰੇ ਘਰਾਂ ਵਿਚ ਰੁਕਣ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਿਰਫ 6 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਦੇ ਦਿੱਤੀ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਸਪੋਰਟ ਬਬਲ ਦੇ ਤਹਿਤ ਲੋਕ ਇਕ-ਦੂਜੇ ਦੇ ਘਰ ਸਮਾਂ ਬਿਤਾ ਸਕਦੇ ਹਨ ਤੇ ਉਨ੍ਹਾਂ ਨੂੰ ਇਕੱਠੇ ਰਹਿਣ ਲਈ ਦੋ ਮੀਟਰ ਦੀ ਦੂਰੀ ਰੱਖਣ ਦੀ ਵੀ ਲੋੜ ਨਹੀਂ ਹੈ। ਹਾਲਾਂਕਿ ਇਸ ਦੌਰਾਨ ਜੇਕਰ ਕਿਸੇ ਵੀ ਮੈਂਬਰ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਸਾਰਿਆਂ ਨੂੰ ਸੈਲਫ ਆਈਸੋਲੇਸ਼ਨ ਵਿਚ ਰਹਿਣਾ ਜ਼ਰੂਰੀ ਹੈ।
ਦੱਸ ਦਈਏ ਕਿ ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 2 ਲੱਖ ਦੇ ਪਾਰ ਪਹੁੰਚ ਗਈ ਹੈ। ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਰੋਨਾ ਇਨਫੈਕਟਿਡਾਂ ਦਾ ਅੰਕੜਾ 2,91,588 ਤੱਕ ਪਹੁੰਚ ਗਿਆ ਹੈ। ਉਥੇ ਹੀ 41,213 ਲੋਕਾਂ ਦੀ ਮੌਤ ਕੋਰੋਨਾ ਇਨਫੈਕਸ਼ਨ ਨਾਲ ਹੋ ਚੁੱਕੀ ਹੈ।
ਉਥੇ ਹੀ ਦੁਨੀਆ ਭਰ ਵਿਚ ਹੁਣ ਤੱਕ 73 ਲੱਖ ਤੋਂ ਵਧੇਰੇ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਚੁੱਕੇ ਹਨ ਜਦਕਿ 4.17 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਵਿਸ਼ਵ ਵਿਚ ਸਭ ਤੋਂ ਵਧੇਰੇ ਮਾਮਲੇ ਅਮਰੀਕਾ ਵਿਚ ਦਰਜ ਕੀਤੇ ਗਏ ਹਨ, ਜਿਥੇ 20 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 1.12 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ਦੂਜੇ ਨੰਬਰ ‘ਤੇ ਅਤੇ ਰੂਸ ਤੀਜੇ ਨੰਬਰ ‘ਤੇ ਮੌਜੂਦ ਹੈ।