ਲੰਡਨ (ਸਮਾਜਵੀਕਲੀ)(ਰਾਜਵੀਰ ਸਮਰਾ): ਯੂ.ਕੇ ਵਿਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 34 ਸਾਲ ਦੀ ਸਜ਼ਾ ਸੁਣਾਈ ਗਈ । ਦੋਹਾਂ ਵਿਅਕਤੀਆਂ ਨੂੰ ਇਹ ਸਜ਼ਾ 2 ਕਰੋੜ ਪੌਂਡ ਤੋਂ ਵਧੇਰੇ ਦੇ ਨਸ਼ੀਲੇ ਪਦਾਰਥ ਬਰਾਮਦਗੀ ਦੇ ਮਾਮਲੇ ਵਿਚ ਹੋਈ ਹੈ, ਜਿਸ ਨੂੰ ਸਕਾਟਲੈਂਡ ਯਾਰਡ ਨੇ ਸਭ ਤੋਂ ਵੱਡੇ ਨਸ਼ੀਲੇ ਪਦਾਰਥ ਦੀ ਬਰਾਮਦਗੀ ਵਿਚੋਂ ਇਕ ਦੱਸਿਆ ਹੈ। ਬਰਮਿੰਘਮ ਦੇ ਸ਼ਕਤੀ ਗੁਪਤਾ (34) ਅਤੇ ਵੈਸਟ ਮਿਡਲੈਂਡਸ ਦੇ ਓਲਡਬਰੀ ਦੇ ਬਲਦੇਵ ਸਿੰਘ ਸਹੋਤਾ (54) ਨੂੰ ਕ੍ਰਮਵਾਰ 18 ਸਾਲ ਅਤੇ 16 ਸਾਲ ਦੀ ਸਜ਼ਾ ਸੁਣਾਈ ਗਈ। ਇਹਨਾਂ ਦੋਹਾਂ ਨੂੰ ਇਹ ਸਜ਼ਾ 172 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਦੇ ਬਾਅਦ ਸੁਣਾਈ ਗਈ ਜੋ ਦੇਸ਼ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਦੀ ਸਭ ਤੋਂ ਵੱਡੀ ਬਰਾਮਦਗੀ ਵਿਚੋਂ ਇਕ ਹੈ।
ਮੈਟਰੋਪਾਲੀਟਨ ਪੁਲਸ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਡੈਕਟਿਵ ਸੁਪਰੀਡੈਂਟ ਨੀਲ ਬਲਾਰਡ ਨੇ ਕਿਹਾ,”ਇਹ ਮੁਹਿੰਮ ਬ੍ਰਿਟੇਨ ਵਿਚ ਕੋਕੀਨ ਦੀ ਸਭ ਤੋਂ ਵੱਡੀ ਬਰਾਮਦਗੀਆਂ ਵਿਚੋਂ ਇਕ ਹੈ।” ਬੀਤੇ ਸਾਲ 11 ਦਸੰਬਰ ਨੂੰ ਮੈਟਰੋਪਾਲੀਟਨ ਪੁਲਸ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਵੈਸਟ ਮਿਡਲੈਂਡਸ ਪੁਲਸ ਦੇ ਸਹਿਯੋਗ ਨਾਲ ਏ95 ਹਾਈਵੇਅ ‘ਤੇ ਇਕ ਗੱਡੀ ਰੋਕੀ ਸੀ ਜਿਸ ਨੂੰ ਸਹੋਤਾ ਚਲਾ ਰਿਹਾ ਸੀ। ਗੱਡੀ ਦੀ ਤਲਾਸ਼ੀ ਲੈਣ ‘ਤੇ ਅਧਿਕਾਰੀਆਂ ਨੂੰ ਵੱਡੀ ਮਾਤਰਾ ਵਿਚ ਕੋਕੀਨ ਮਿਲੀ ਸੀ। ਬਰਾਮਦ ਕੋਕੀਨ ਦਾ ਕੁੱਲ ਵਜ਼ਨ 168 ਕਿਲੋਗ੍ਰਾਮ ਸੀ। ਉਸੇ ਦਿਨ ਬਰਮਿੰਘਮ ਦੇ ਹਾਕਲੇ ਵਿਚ ਓਲਸ ਟ੍ਰੇਡਿੰਗ ਅਸਟੇਟ ਪਾਰਕ ਦੇ ਇਕ ਪਤੇ ‘ਤੇ ਇਕ ਹੋਰ ਤਲਾਸ਼ੀ ਲਈ ਗਈ। ਉੱਥੇ 4 ਕਿਲੋਗ੍ਰਾਮ ਕੋਕੀਨ ਅਤੇ ਐੱਮ.ਡੀ.ਐੱਮ.ਏ. ਅਤੇ 1 ਕਿਲੋਗ੍ਰਾਮ ਕਟਿੰਗ ਏਜੰਟ ਮਿਲਿਆ।
ਗੁਪਤਾ ਨੂੰ ਦੂਜੀ ਛਾਪੇਮਾਰੀ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਦੋਹਾਂ ਵਿਅਕਤੀਆਂ ਨੂੰ ਵੈਸਟ ਮਿਡਲੈਂਡਸ ਪੁਲਸ ਖੇਤਰ ਅਧਿਕਾਰ ਵਿਚ ਹਿਰਾਸਤ ਵਿਚ ਲਿਆ ਗਿਆ। ਉਹਨਾਂ ‘ਤੇ ਸ਼੍ਰੇਣੀ ਏ ਡਰੱਗਜ਼, ਕੋਕੀਨ ਦੀ ਸਪਲਾਈ ਕਰਨ ਦੀ ਸਾਜਿਸ਼ ਕਰਨ ਦੇ ਦੋਸ਼ ਲਗਾਏ ਗਏ ਅਤੇ ਇਸ ਸਾਲ ਜਨਵਰੀ ਵਿਚ ਬਰਮਿੰਘਮ ਕ੍ਰਾਊਨ ਕੋਰਟ ਵਿਚ ਪੇਸ਼ ਕੀਤਾ ਗਿਆ।ਉੱਥੇ ਉਹਨਾਂ ਨੇ ਆਪਣਾ ਅਪਰਾਧ ਸਵੀਕਾਰ ਕੀਤਾ। ਇਹਨਾ ਦੋਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸੇ ਅਦਾਲਤ ਨੇ ਸਜ਼ਾ ਸੁਣਾਈ।