ਲੰਡਨ- ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਫ਼ੈਸਲੇ ਦੀ ਆਲੋਚਨਾ ਕਰਨ ਵਾਲੀ ਬ੍ਰਿਟਿਸ਼ ਸੰਸਦ ਮੈਂਬਰ ਡੈਬੀ ਅਬਰਾਹਮਜ਼ ਨੂੰ ਅੱਜ ਉਸ ਸਮੇਂ ਨਮੋਸ਼ੀ ਸਹਿਣੀ ਪਈ ਜਦੋਂ ਭਾਰਤ ਨੇ ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਮੁਲਕ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਅਬਰਾਹਮਜ਼ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਕਰ ਦਿੱਤਾ ਗਿਆ ਜਿਥੋਂ ਉਹ ਸੋਮਵਾਰ ਨੂੰ ਦਿੱਲੀ ਪਹੁੰਚੀ ਸੀ। ਲੇਬਰ ਪਾਰਟੀ ਦੀ ਸੰਸਦ ਮੈਂਬਰ ਡੈਬੀ ਅਬਰਾਹਮਜ਼ ਵੱਲੋਂ ਜਾਇਜ਼ ਵੀਜ਼ਾ ਹੋਣ ਦੇ ਲਾਏ ਗਏ ਦੋਸ਼ਾਂ ਦਾ ਭਾਰਤੀ ਗ੍ਰਹਿ ਮੰਤਰਾਲੇ ਨੇ ਖੰਡਨ ਕਰਦਿਆਂ ਕਿਹਾ ਹੈ ਕਿ ਉਸ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਉਸ ਦਾ ਈ-ਵੀਜ਼ਾ ਰੱਦ ਕੀਤਾ ਜਾ ਰਿਹਾ ਹੈ। ਕਸ਼ਮੀਰ ਬਾਰੇ ਆਲ ਪਾਰਟੀ ਸੰਸਦੀ ਗਰੁੱਪ ਦੀ ਚੇਅਰਮੈਨ ਅਬਰਾਹਮਜ਼ ਨੇ ਕਿਹਾ ਕਿ ਉਹ ਜਾਇਜ਼ ਈ-ਵੀਜ਼ਾ ’ਤੇ ਸਫ਼ਰ ਕਰ ਰਹੀ ਸੀ ਅਤੇ ਉਹ ਭਾਰਤ ’ਚ ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਮਿਲਣਾ ਚਾਹੁੰਦੀ ਸੀ ਪਰ ਉਸ ਦਾ ਵੀਜ਼ਾ ਬਿਨਾਂ ਕਿਸੇ ਸਫਾਈ ਦੇ ਰੱਦ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਬ੍ਰਿਟਿਸ਼ ਸੰਸਦ ਮੈਂਬਰ ਨੂੰ ਪਹਿਲਾਂ ਹੀ ਵੀਜ਼ਾ ਰੱਦ ਕਰਨ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਉਹ ਦਿੱਲੀ ਪਹੁੰਚ ਗਈ।
ਖ਼ਬਰ ਏਜੰਸੀ ਨੇ ਜਦੋਂ ਅਬਰਾਹਮਜ਼ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ 13 ਫਰਵਰੀ ਤੋਂ ਪਹਿਲਾਂ ਉਸ ਨੂੰ ਕੋਈ ਈ-ਮੇਲ ਨਹੀਂ ਮਿਲਿਆ। ਉਸ ਤੋਂ ਬਾਅਦ ਉਹ ਸਫ਼ਰ ਕਰ ਰਹੀ ਹੈ ਅਤੇ ਦਫ਼ਤਰ ਵੀ ਨਹੀਂ ਗਈ। ਉਸ ਦੇ ਦਫ਼ਤਰ ਨੇ ਯੂਕੇ ’ਚ ਤਸਦੀਕ ਕੀਤੀ ਕਿ ਅਬਰਾਹਮਜ਼ ਦੁਬਈ ਤੋਂ ਜਹਾਜ਼ ਰਾਹੀਂ ਦਿੱਲੀ ਪਹੁੰਚੀ ਸੀ। ਉਸ ਦਾ ਈ-ਵੀਜ਼ਾ ਪਿਛਲੇ ਸਾਲ ਅਕਤੂਬਰ ’ਚ ਜਾਰੀ ਹੋਇਆ ਸੀ ਅਤੇ ਇਹ ਅਕਤੂਬਰ 2020 ਤੱਕ ਜਾਇਜ਼ ਸੀ।
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਆਪਣੇ ਤਜਰਬੇ ਨੂੰ ਟਵਿਟਰ ’ਤੇ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਇਮੀਗਰੇਸ਼ਨ ਡੈਸਕ ’ਤੇ ਉਸ ਨੇ ਦਸਤਾਵੇਜ਼ ਅਤੇ ਈ-ਵੀਜ਼ਾ ਪੇਸ਼ ਕੀਤੇ ਪਰ ਅਧਿਕਾਰੀ ਨੇ ਕਿਹਾ ਕਿ ਉਸ ਦਾ ਵੀਜ਼ਾ ਰੱਦ ਹੋ ਚੁੱਕਿਆ ਹੈ। ਉਹ 10 ਮਿੰਟ ਬਾਅਦ ਪਰਤਿਆ ਅਤੇ ਗੁੱਸੇ ਭਰੇ ਲਹਿਜੇ ’ਚ ਆਪਣੇ ਨਾਲ ਚੱਲਣ ਲਈ ਕਿਹਾ। ਅਧਿਕਾਰੀ ਫਿਰ ਗਾਇਬ ਹੋ ਗਿਆ। ਇਸ ਦੌਰਾਨ ਅਬਰਾਹਮਜ਼ ਨੇ ਆਪਣੀ ਰਿਸ਼ਤੇਦਾਰ ਨੂੰ ਫੋਨ ਕੀਤਾ ਜਿਸ ਨੇ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ’ਚ ਕਈ ਅਧਿਕਾਰੀ ਆਏ ਪਰ ਉਹ ਈ-ਵੀਜ਼ਾ ਰੱਦ ਕਰਨ ਦੇ ਕਾਰਨ ਨਹੀਂ ਦੱਸ ਸਕੇ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਤਤਕਾਲੀ ਵਿਦੇਸ਼ ਮੰਤਰੀ ਡੌਮੀਨਿਕ ਰੌਬ ਨੂੰ ਲਿਖੇ ਪੱਤਰ ’ਚ ਅਬਰਾਹਮਜ਼ ਅਤੇ ਹੋਰ ਸੰਸਦ ਮੈਂਬਰਾਂ ਨੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦੇ ਐਲਾਨ ’ਤੇ ਡੂੰਘੀ ਚਿੰਤਾ ਜਤਾਈ ਸੀ।
HOME ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ ’ਚ ਦਾਖ਼ਲ ਹੋਣ ਤੋਂ ਰੋਕਿਆ