ਲੰਡਨ (ਰਾਜਵੀਰ ਸਮਰਾ) (ਸਮਾਜਵੀਕਲੀ): ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਵੱਕਾਰੀ ਯੂਨੀਵਰਸਿਟੀਆਂ ਵਿਚੋਂ ਇਕ ਸੈਂਟ ਐਂਡਰੀਊਜ਼ ਯੂਨੀਵਰਸਿਟੀ ਯੌਨ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰ ਗਈ ਹੈ। ਦਰਜਨਾਂ ਵਿਦਿਆਰਥਣਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਹੱਡਬੀਤੀ ਸੁਣਾਉਂਦਿਆਂ ਹੋਇਆ ਕਿਹਾ ਹੈ ਕਿ ਕੈਂਪਸ ਵਿਚ ਉਹਨਾਂ ਦੇ ਨਾਲ ਬਲਾਤਕਾਰ ਹੋਇਆ ਹੈ। ਇੰਸਟਾਗ੍ਰਾਮ ‘ਤੇ ‘ਸੈਂਟ ਐਂਡਰੀਊਜ਼ ਸਰਵਾਈਵਰ’ ਨਾਮ ਨਾਲ ਇਕ ਪੇਜ ਬਣਾਇਆ ਗਿਆ ਹੈ ਜਿਸ ਵਿਚ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਪਛਾਣ ਲੁਕੋ ਕੇ ਆਪਣੀ ਕਹਾਣੀ ਬਿਆਨ ਕੀਤੀ ਹੈ। ਹੁਣ ਤੱਕ 20 ਤੋਂ ਵਧੇਰੇ ਕੁੜੀਆਂ ਆਪਣੇ ਕੌੜੇ ਅਨੁਭਵ ਸਾਂਝੇ ਕਰ ਚੁੱਕੀਆਂ ਹਨ। ਉਹਨਾਂ ਦੇ ਨਾਲ ਬਲਾਤਕਾਰ, ਕੁੱਟਮਾਰ, ਜ਼ਬਰਦਸਤੀ ਅਤੇ ਛੇੜਛਾੜ ਜਿਹੀਆਂ ਘਟਨਾਵਾਂ ਵਾਪਰੀਆਂ ਹਨ।
ਯੂਨੀਵਰਸਿਟੀ ਬੁਲਾਰੇ ਦੇ ਮੁਤਾਬਕ ਜਿਸ ਨੇ ਇੰਸਟਾਗ੍ਰਾਮ ‘ਤੇ ਇਹ ਪੇਜ ਬਣਾਇਆ ਹੈ ਉਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਪ੍ਰਸ਼ਾਸਨ ਵਿਦਿਆਰਥਣਾਂ ਦੀ ਮਦਦ ਅਤੇ ਕਾਊਂਸਲਿੰਗ ਕਰਨ ਲਈ ਵੀ ਅੱਗੇ ਆਇਆ ਹੈ। ਪੁਲਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਅਗਲੇ ਸੈਸ਼ਨ ਤੋਂ ਇਕ ਲਾਜ਼ਮੀ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਦੇ ਢੰਗ ਦੱਸੇ ਜਾਣਗੇ। ਇਸ ਦੇ ਇਲਾਵਾ ਉਹ ਇਸ ਵਿਰੁੱਧ ਕਿੱਥੇ ਆਵਾਜ ਚੁੱਕ ਸਕਦੀਆਂ ਹਨ ਇਹ ਵੀ ਦੱਸਿਆ ਜਾਵੇਗਾ। ਪ੍ਰਸ਼ਾਸਨ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਲਈ ਪੁਲਸ ਦੀ ਪੂਰੀ ਮਦਦ ਕਰ ਰਿਹਾ ਹੈ।
ਪ੍ਰਿੰਸ ਵਿਲੀਅਮ ਵੀ ਹਨ ਸਾਬਕਾ ਵਿਦਿਆਰਥੀ
ਇੱਥੇ ਦੱਸ ਦੇਈਏ ਕਿ ਇਹ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਪ੍ਰਿੰਸ ਵਿਲੀਅਮ ਅਤੇ ਡਚੇਸ ਆਫ ਕੈਮਬ੍ਰਿਜ ਕੈਥਰੀਨ ਵੀ ਇੱਥੋਂ ਦੀ ਵਿਦਿਆਰਥੀ ਰਹਿ ਚੁੱਕੀ ਹੈ। ਉੱਚ ਸਿੱਖਿਆ ਦੇ ਮਾਮਲੇ ਵਿਚ ਸਕਾਟਲੈਂਡ ਦੀ ਇਸ ਯੂਨੀਵਰਸਿਟੀ ਨੂੰ ਅਕਸਰ ਉੱਚ ਰੈਕਿੰਗ ਮਿਲਦੀ ਰਹੀ ਹੈ।