ਸਟਾਕਹੋਮ : ਬ੍ਰਹਿਮੰਡ ਦੇ ਵਿਕਾਸ ਚੱਕਰ ਤੇ ਅਨੰਤ ਬ੍ਰਹਿਮੰਡ ‘ਚ ਸਾਡੀ ਸਥਿਤੀ ਨੂੰ ਸਮਝਣ ਦੀ ਦਿਸ਼ਾ ‘ਚ ਅਹਿਮ ਸ਼ੋਧ ਕਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਇਸ ਸਾਲ ਭੌਤਿਕੀ ਦੇ ਨੋਬਲ ਲਈ ਚੁਣਿਆ ਗਿਆ ਹੈ। ਇਨ੍ਹਾਂ ‘ਚ ਕੈਨੇਡੀਅਨ ਮੂਲ ਦੇ ਅਮਰੀਕੀ ਪੁਲਾੜ ਵਿਗਿਆਨੀ ਜੇਮਰ ਪੀਬਲਸ ਤੇ ਸਵਿਟਜ਼ਰਲੈਂਡ ਦੇ ਮਿਸ਼ੇਲ ਮੇਅਰ ਤੇ ਡਿਡਿਅਰ ਕਿਊਲੋਜ ਸ਼ਾਮਲ ਹਨ। ਸ਼ੋਧ ਦੀ ਅਹਿਮੀਅਤ ਨੂੰ ਵੇਖਦਿਆਂ ਪੀਬਲਸ ਨੂੰ ਪੁਰਸਕਾਰ ਦੀ ਅੱਧੀ ਰਾਸ਼ੀ ਮਿਲੇਗੀ। ਬਾਕੀ ਅੱਧੀ ਰਾਸ਼ੀ ਹੋਰ ਦੋਵਾਂ ਵਿਗਿਆਨੀਆਂ ‘ਚ ਬਰਾਬਰ ਵੰਡੀ ਜਾਵੇਗੀ।
ਭੌਤਿਕੀ ਤੇ ਰਸਾਇਣ ਦੇ ਨੋਬਲ ਪੁਰਸਕਾਰਾਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਰਾਇਲ ਸਵੀਡਿਸ਼ ਅਕਾਦਮੀ ਆਫ ਸਾਇੰਸਿਜ ਦੇ ਜਨਰਲ ਸਕੱਤਰ ਪ੍ਰੋਫੈਸਰ ਗੋਰਨ ਹੇਂਸਨ ਨੇ ਦੱਸਿਆ ਕਿ ਪੀਬਲਸ ਦੀ ਖੋਜ ਨਾਲ ਸਾਨੂੰ ਇਹ ਸਮਝਣ ‘ਚ ਮਦਦ ਮਿਲੀ ਕਿ ਬਿਗ ਬੈਂਗ ਤੋਂ ਬਾਅਦ ਬ੍ਰਹਿਮੰਡ ਦਾ ਵਿਕਾਸ ਕਿਵੇਂ ਹੋਇਆ। ਇਸ ਖੋਜ ਲਈ ਉਨ੍ਹਾਂ ਨੂੰ ਕੁੱਲ ਪੁਰਸਕਾਰ ਦੀ ਅੱਧੀ ਰਾਸ਼ੀ ਯਾਨੀ 45 ਲੱਖ ਸਵੀਡਿਸ਼ ਕ੍ਰੋਨਰ (ਕਰੀਬ 3.23 ਕਰੋੜ ਰੁਪਏ) ਦਿੱਤੀ ਜਾਵੇਗੀ। ਅਕਤੂਬਰ, 1995 ‘ਚ ਸਾਡੀ ਸੌਰ ਵਿਵਸਥਾ ਦੇ ਬਾਹਰ ਪਹਿਲੇ ਗ੍ਰਹਿ (ਐਕਸੋਪਲੈਨੇਟ) ਦੀ ਖੋਜ ਕਰਨ ਵਾਲੇ ਮੇਅਰ ਤੇ ਕਿਊਲੋਜ ਨੂੰ ਬਾਕੀ ਰਾਸ਼ੀ ‘ਚੋਂ ਬਰਾਬਰ ਪੁਰਸਕਾਰ ਮਿਲੇਗਾ। ਜੇਤੂਆਂ ਦੀ ਚੋਣ ਕਰਨ ਵਾਲੀ ਜਿਊਰੀ ਨੇ ਕਿਹਾ ਕਿ ਇਨ੍ਹਾਂ ਖੋਜਾਂ ਨੇ ਬ੍ਰਹਿਮੰਡ ਨੂੰ ਲੈ ਕੇ ਸਾਡੀ ਪੂਰੀ ਧਾਰਨਾ ਬਦਲ ਕੇ ਰੱਖ ਦਿੱਤੀ ਹੈ।
ਪੀਬਲਸ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਅਲਬਰਟ ਆਇੰਸਟੀਨ ਪ੍ਰੋਫੈਸਰ ਆਫ ਸਾਇੰਸ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਉੱਥੇ ਮੇਅਰ ਤੇ ਕਿਊਲੋਜ ਯੂਨੀਵਰਸਿਟੀ ਆਫ ਜਨੇਵਾ ਦੇ ਪ੍ਰੋਫੈਸਰ ਹਨ। ਕਿਊਲੋਜ ਬਰਤਾਨੀਆ ਦੀ ਕੈਂਬਰਿਜ ਯੂਨੀਵਰਸਿਟੀ ਨਾਲ ਵੀ ਜੁੜੇ ਹਨ।