World ਅਮਰੀਕੀ ਸੰਸਦੀ ਕਮੇਟੀ ਨੇ ਕਸ਼ਮੀਰ ‘ਚ ਸੰਚਾਰ ਪਾਬੰਦੀ ਹਟਾਉਣ ਦੀ ਕੀਤੀ ਅਪੀਲ

ਅਮਰੀਕੀ ਸੰਸਦੀ ਕਮੇਟੀ ਨੇ ਕਸ਼ਮੀਰ ‘ਚ ਸੰਚਾਰ ਪਾਬੰਦੀ ਹਟਾਉਣ ਦੀ ਕੀਤੀ ਅਪੀਲ

ਵਾਸ਼ਿੰਗਟਨ : ਕਸ਼ਮੀਰ ‘ਚ ਸੰਚਾਰ ਪਾਬੰਦੀਆਂ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਦੇ ਜੀਵਨ ‘ਤੇ ਤਬਾਹਕਾਰੀ ਅਸਰ ਪੈ ਰਿਹਾ ਹੈ। ਇਹ ਗੱਲ ਇਕ ਸ਼ਕਤੀਸ਼ਾਲੀ ਅਮਰੀਕੀ ਸੰਸਦੀ ਕਮੇਟੀ ਨੇ ਕਹੀ ਹੈ। ਕਮੇਟੀ ਨੇ ਭਾਰਤ ਨੂੰ ਪਾਬੰਦੀਆਂ ਹਟਾਉਣ ਦੀ ਬੇਨਤੀ ਕੀਤੀ ਹੈ।

ਦੱਸਣਯੋਗ ਹੈ ਕਿ ਪੰਜ ਅਗਸਤ ਨੂੰ ਧਾਰਾ 370 ਖ਼ਤਮ ਕਰਨ ਤੇ ਜੰਮੂ ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ ‘ਚ ਵੰਡਣ ਦੇ ਐਲਾਨ ਮਗਰੋਂ ਕਸ਼ਮੀਰ ‘ਚ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ। ਪਾਬੰਦੀਆਂ ਨੂੰ ਦੋ ਮਹੀਨਿਆਂ ਤੋਂ ਜ਼ਿਆਦਾ ਹੋ ਗਏ ਹਨ, ਪਰ ਉੱਤਰੀ ਕਸ਼ਮੀਰ ਦੇ ਹੰਦਵਾੜਾ ਤੇ ਕੁਪਵਾੜਾ ਖੇਤਰਾਂ ਨੂੰ ਛੱਡ ਕੇ ਕਸ਼ਮੀਰ ‘ਚ ਮੋਬਾਈਲ ਸੇਵਾਵਾਂ ਠੱਪ ਹਨ, ਉੱਥੇ ਵਾਦੀ ‘ਚ ਇੰਟਰਨੈੱਟ ਸੇਵਾਵਾਂ ਬੰਦ ਹਨ।

ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਸੋਮਵਾਰ ਨੂੰ ਇਕ ਟਵੀਟ ‘ਚ ਕਿਹਾ, ‘ਕਸ਼ਮੀਰ ‘ਚ ਭਾਰਤ ਵੱਲੋਂ ਸੰਚਾਰ ਪਾਬੰਦੀਆਂ ਨਾਲ ਕਸ਼ਮੀਰ ਦੇ ਜੀਵਨ ‘ਤੇ ਤਬਾਹਕਾਰੀ ਪ੍ਰਭਾਵ ਪੈ ਰਿਹਾ ਹੈ।’ ਕਮੇਟੀ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਪਾਬੰਦੀਆਂ ਨੂੰ ਖ਼ਤਮ ਕਰਨ ਤੇ ਕਿਸੇ ਹੋਰ ਭਾਰਤੀ ਨਾਗਰਿਕ ਵਾਂਗ ਕਸ਼ਮੀਰੀਆਂ ਨੂੰ ਅਧਿਕਾਰ ਦੇਣ।

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਸਮੇਤ 13 ਸੰਸਦ ਮੈਂਬਰਾਂ ਦੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸ਼ਮੀਰ ‘ਚ ਮਨੁੱਖੀ ਅਧਿਕਾਰ ਦੀ ਸਥਿਤੀ ‘ਤੇ ਚਿੰਤਾਵਾਂ ਨੂੰ ਦੂਰ ਕਰਨ ਤੇ ਸੰਚਾਰ ਪਾਬੰਦੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ।

Previous articleਬ੍ਰਹਿਮੰਡ ਦਾ ਰਹੱਸ ਹੱਲ ਕਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਭੌਤਿਕੀ ਦੇ ਨੋਬਲ ਲਈ ਚੁਣਿਆ
Next articleਭਾਰਤੀ ਜਿਮਨਾਸਟਿਕ ਖਿਡਾਰੀਆਂ ਨੇ ਕੀਤਾ ਨਿਰਾਸ਼ਾਜਨਕ ਪ੍ਰਦਰਸ਼ਨ