ਬ੍ਰਾਜ਼ੀਲ (ਸਮਾਜਵੀਕਲੀ) : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਪੁਸ਼ਟੀ ਕੀਤੀ ਹੈ ਕਿ ਹਫ਼ਤਾ ਕੁ ਪਹਿਲਾਂ ਕਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਉਹ ਜਾਂਚ ਵਿੱਚ ਇਕ ਵਾਰ ਫਿਰ ਤੋਂ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ।ਸਿਨਹੁਆ ਖ਼ਬਰ ੲੇਜੰਸੀ ਮੁਤਾਬਕ ਬੀਤੇ ਦਿਨ ਇਕ ਫੇਸਬੁੱਕ ਲਾਈਵ ਪ੍ਰਸਾਰਣ ਵਿੱਚ ਰਾਸ਼ਟਰਪਤੀ ਨੇ ਕਿਹਾ, ‘‘ਸਾਨੂੰ ਆਸ ਹੈ ਕਿ ਅਗਲੇ ਕੁਝ ਦਿਨਾਂ ਵਿਚ ਉਹ ਮੇਰਾ ਨਵੇਂ ਸਿਰੇ ਤੋਂ ਟੈਸਟ ਕਰਨਗੇ, ਸਭ ਕੁਝ ਠੀਕ ਹੋ ਜਾਵੇਗਾ ਤੇ ਅਸੀਂ ਆਮ ਗਤੀਵਿਧੀਆਂ ਵੱਲ ਪਰਤ ਸਕਾਂਗੇ। ਸ੍ਰੀ ਬੋਲਸੋਨਾਰੋ ਜਿਨ੍ਹਾਂ ਦੇ ਕਰੋਨਾਵਾਇਰਸ ਟੈਸਟ ਦੀ ਰਿਪੋਰਟ ਮੁੜ ਪਾਜ਼ੇਟਿਵ ਆਈ ਹੈ, ਨੇ ਇਸ ਨੂੰ ਹਲਕਾ ਫਲੂ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਇਸ ਲਾਗ ਤੋਂ ਗੰਭੀਰ ਪੀੜਤ ਨਹੀਂ ਹਨ ਅਤੇ ਕੁਝ ਦਿਨਾਂ ਬਾਅਦ ਦੁਬਾਰਾ ਟੈਸਟ ਕਰਵਾਉਣਗੇ।ਰਾਸ਼ਟਰਪਤੀ ਦੇ ਸੰਚਾਰ ਸਕੱਤਰੇਤ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸ੍ਰੀ ਬੋਲਸੋਨਾਰੋ ਇਸ ਵੇਲੇ ਬ੍ਰਾਜ਼ੀਲ ਦੇ ਦਿ ਐਲਵੋਰਾਡਾ ਪੈਲੇਸ ਵਿੱਚ ਰਹਿ ਰਹੇ ਹਨ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਬਿਆਨ ਅਨੁਸਾਰ ਹਾਲ ਹੀ ਵਿੱਚ ਮੰਗਲਵਾਰ ਸਵੇਰੇ ਉਨ੍ਹਾਂ ਦਾ ਟੈਸਟ ਕੀਤਾ ਗਿਆ ਸੀ ਜਿਸ ਦਾ ਨਤੀਜਾ ਰਾਤ ਆਇਆ ਹੈ।