ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਵ ਮਨਾਇਆ
ਜਲੰਧਰ (ਸਮਾਜ ਵੀਕਲੀ)- ਸੰਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 27 ਫਰਵਰੀ 2024 ਨੂੰ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ।ਜਿਸ ਵਿੱਚ ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਚੰਚਲ ਬੌਧ ਜੀ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਟੇਜ ਸੰਚਾਲਨ ਸਕੂਲ ਦੇ ਵਿਦਿਆਰਥੀ ਰਸ਼ਿਤਾ ਅਤੇ ਕਰਨ ਸਿੰਘ ਨੇ ਬਾਖੂਬੀ ਨਿਭਾਇਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਦੀ ਤਰਫੋਂ ਸ਼ਮਾ ਰੌਸ਼ਨ ਦੀ ਰਸਮ ਨਾਲ ਕੀਤੀ ਗਈ। ਉਪਰੰਤ ਸਾਰਿਆਂ ਨੇ ਤਥਾਗਤ ਬੁੱਧ, ਸੰਤ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੀਆਂ ਮੂਰਤੀਆਂ ‘ਤੇ ਫੁੱਲ ਭੇਟ ਕੀਤੇ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ (ਸ਼੍ਰੀਮਤੀ ਸੁਨੀਤਾ ਅਤੇ ਸ਼੍ਰੀਮਤੀ ਗੁਰਜੀਤ ਕੌਰ ਅਤੇ ਸ਼੍ਰੀ ਰਜਿੰਦਰ ਸਰ ਜੀ) ਨੇ ਇਸ ਦਿਹਾੜੇ, ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਤ ਆਪਣੇ ਵਿਚਾਰ ਵਿਸਥਾਰ ਨਾਲ ਪੇਸ਼ ਕੀਤੇ। ਉਨ੍ਹਾਂ ਲੋਕ ਚੇਤਨਾ ਨਾਲ ਸਬੰਧਤ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ। ਸਕੂਲ ਅਧਿਆਪਕਾ ਸਰੋਜ ਰਾਣੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਵਿੱਚ ਗੀਤ ਪੇਸ਼ ਕੀਤਾ। ਸਕੂਲ ਦੇ ਲੇਖਾਕਾਰ ਸ਼੍ਰੀ ਰਾਕੇਸ਼ ਜੀ ਨੇ ਬੱਚਿਆਂ ਨੂੰ ਸਮਾਜ ਵਿੱਚ ਪ੍ਰਚਲਿਤ ਵੱਖ-ਵੱਖ ਵਿਚਾਰਧਾਰਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅੰਤ ਵਿੱਚ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਚੰਚਲ ਬੌਧ ਜੀ ਨੇ ਬੱਚਿਆਂ ਨੂੰ ਪਾਖੰਡਵਾਦ ਤੋਂ ਦੂਰ ਰਹਿਣ, ਵਿਗਿਆਨਕ ਸੋਚ ਅਪਣਾਉਣ ਅਤੇ ਗੁਰੂ ਸਾਹਿਬਾਨ ਦੀ ਬਾਣੀ ਪੜ੍ਹ ਕੇ ਸਮਝਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੀ ਸਮਾਪਤੀ ਆਰਤੀ ਗਾਇਨ ਅਤੇ ਬੱਚਿਆਂ ਨੂੰ ਪ੍ਰਸ਼ਾਦ ਵੰਡ ਕੇ ਕੀਤੀ ਗਈ।
ਸਕੂਲ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ:
ਸ਼੍ਰੀ ਹੁਸਨ ਲਾਲ ਜੀ: 9988393442