ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸਮੀਰ ਵਰਮਾ ਨੇ ਵਿਰੋਧੀ ਹਾਲਾਤ ’ਤੇ ਕਾਬੂ ਪਾਉਂਦਿਆਂ ਜਿੱਤ ਨਾਲ ਅੱਜ ਇੱਥੇ ਹਾਂਗਕਾਂਗ ਓਪਨ ਵਿਸ਼ਵ ਟੂਰ ਸੁਪਰ-500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਦੂਜਾ ਗੇਮ ਗੁਆਉਣ ਦੇ ਬਾਵਜੂਦ ਥਾਈਲੈਂਡ ਦੀ ਨਿਚਾਊਨ ਜਿੰਦਾਪੋਲ ਨੂੰ ਇੱਕ ਘੰਟੇ ਤੋਂ ਕੁੱਝ ਵੱਧ ਚੱਲੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ 21-15, 13-21, 21-17 ਨਾਲ ਹਰਾਇਆ।
ਥਾਈਲੈਂਡ ਦੀ ਖਿਡਾਰਨ ਖ਼ਿਲਾਫ਼ ਇਹ ਪੀਵੀ ਸਿੰਧੂ ਦੀ ਚੌਥੀ ਜਿੱਤ ਹੈ। ਮੌਜੂਦਾ ਸੈਸ਼ਨ ਵਿੱਚ ਰਾਸ਼ਟਰਮੰਡਲ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਵਰਗੇ ਤਿੰਨ ਟੂਰਨਾਮੈਂਟ ਵਿੱਚ ਚਾਂਦੀ ਦੇ ਤਗ਼ਮੇ ਜਿੱਤਣ ਵਾਲੀ ਸਿੰਧੂ ਅਗਲੇ ਗੇੜ ਵਿੱਚ ਕੋਰੀਆ ਦੀ ਸੰਗੁ ਜ਼ੀ ਹਿਊਨ ਨਾਲ ਭਿੜੇਗੀ। ਹੈਦਰਾਬਾਦ ਦੀ 23 ਸਾਲ ਦੀ ਸਿੰਧੂ ਨੇ ਸੁੰਗ ਖ਼ਿਲਾਫ਼ ਅੱਠ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਪੰਜ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪੁਰਸ਼ ਸਿੰਗਲਜ਼ ਵਿੱਚ ਇਸ ਸਾਲ ਸਵਿੱਸ ਓਪਨ ਅਤੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਸਮੀਰ ਨੇ ਵੀ ਥਾਈਲੈਂਡ ਦੇ ਹੀ ਸੁਪਾਨਿਊ ਅਵਿਹਿੰਗਸਾਨੋਨ ਨੂੰ 21-17, 21-14 ਨਾਲ ਹਰਾਇਆ। ਉਹ ਦੂਜੇ ਗੇੜ ਵਿੱਚ ਚੀਨ ਦੇ ਓਲੰਪਿਕ ਚੈਂਪੀਅਨ ਚੇਲ ਲੋਂਗ ਨਾਲ ਭਿੜੇਗਾ। ਬੀ ਸਾਈ ਪ੍ਰਣੀਤ ਨੂੰ ਹਾਲਾਂਕਿ ਪਹਿਲੇ ਗੇੜ ਦੇ 62 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਥਾਈਲੈਂਡ ਦੇ ਖੋਸਿਤ ਫੇਤਪ੍ਰਾਦੇਬ ਖ਼ਿਲਾਫ਼ ਹਾਰ ਦਾ ਮੂੰਹ ਵੇਖਣਾ ਪਿਆ।
ਪ੍ਰਣੀਤ ਨੇ ਇਸ ਤੋਂ ਪਹਿਲਾਂ ਖੋਸਿਤ ਖ਼ਿਲਾਫ਼ ਤਿੰਨ ਮੈਚਾਂ ਵਿੱਚ ਜਿੱਤ ਦਰਜ ਕੀਤੀ ਸੀ, ਪਰ ਇੱਥੇ ਉਹ 21-16, 11-21, 15-21 ਦੀ ਹਾਰ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ।
Sports ਬੈਡਮਿੰਟਨ: ਪੀਵੀ ਸਿੰਧੂ ਹਾਂਗਕਾਂਗ ਓਪਨ ਦੇ ਦੂਜੇ ਗੇੜ ’ਚ