ਬੈਕਾਂ ਦੀ ਜਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਸਰਕਾਰੀ
ਯੋਜਨਾਵਾਂ ਨੂੰ ਲਾਗੂ ਕਰਨ ਵੱਲ ਵਿਸ਼ੇਸ ਤਵੱਜ਼ੋਂ ਦੇਣ ਦੀ ਲੋੜ ’ਤੇ ਜ਼ੋਰ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਬੈਕਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਸਵੈ ਰੁਜ਼ਗਾਰ ਨੂੰ ਪ੍ਰਫੁੱਲਿਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਖੁੱਲਦਿੱਲੀ ਨਾਲ ਕਰਜ਼ ਦੇਣ ਤਾਂ ਜੋ ਦੇਸ਼ ਦੀ ਆਰਥਿਕ ਤਰੱਕੀ ਦੇ ਨਾਲ-ਨਾਲ ਨੌਜਵਾਨਾਂ ਦੀ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।
ਇੱਥੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਐਸ ਪੀ ਆਂਗਰਾ, ਨਾਬਾਰਡ ਦੇ ਡੀ ਡੀ ਐਮ ਰਾਹੁਲ ਵਰਮਾ, ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਸਰਕਲ ਮੁਖੀ ਅਜੈ ਕੁਮਾਰ ਸ਼ਰਮਾ, ਲੀਡ ਬੈਂਕ ਮੈਨੇਜ਼ਰ ਪੀ ਐਨ ਬੀ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਅਰੀ ਵਿਕਾਸ ਲਈ ਵਿੱਤੀ ਸਹਾਇਤਾ ਵਾਸਤੇ ਬਕਾਇਆ 1400 ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸਟੈਂਡ ਅਪ ਇੰਡੀਆ, ਤਹਿਤ ਵੱਧ ਤੋਂ ਵੱਧ ਕਰਜ਼ ਦਿੱਤੇ ਜਾਣ ਤਾਂ ਜੋ ਨਵੇਂ ਛੋਟੇ ਉਦਯੋਗਾਂ ਨੂੰ ਖੋਲਣ ਵਿਚ ਸਹਾਇਤਾ ਮਿਲ ਸਕੇ। ਡਿਪਟੀ ਕਮਿਸ਼ਨਰ ਨੇ ਵਿੱਤੀ ਸਾਖਰਤਾ ਦਰ, ਨਾਬਾਰਡ ਰਾਹੀਂ ਚੱਲ ਰਹੇ ਵਿਕਾਸ ਕਾਰਜਾਂ, ਪੇਂਡੂ ਨੌਜਵਾਨਾਂ ਨੂੰ ਹੁਨਰ ਦੀ ਸਿਖਲਾਈ ਦੇਣ ਲਈ ਆਰ ਸੇ ਟੀ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਐਸ ਪੀ ਜਸਬੀਰ ਸਿੰਘ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਲਈ ਤਾਇਨਾਤ ਸੁਰੱਖਿਆ ਗਾਰਡਾਂ ਕੋਲੋਂ ਹੋਰ ਕੋਈ ਕੰਮ ਨਾ ਲਿਆ ਜਾਵੇ ਤੇ ਨਕਦੀ ਲਿਜਾਣ- ਲਿਆਉਣ ਵੇਲੇ ਨੇੜਲੇ ਪੁਲਿਸ ਸਟੇਸ਼ਨ ਨੂੰ ਜ਼ਰੂਰੀ ਇਤਲਾਹ ਕੀਤੀ ਜਾਵੇ ਤਾਂ ਜੋ ਲੁੱਟ ਦੀਆਂ ਵਾਰਦਾਤਾਂ ਤੋਂ ਬਚਿਆ ਜਾ ਸਕੇ ।