ਦਮ ਪਰਖ਼ੀਂ ਨਾ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਦਮ ਪਰਖ਼ੀਂ ਨਾ ਏ ਨਾਅਰੇ , ਨਸਾਂ ‘ਚ ਰੱਤ ਨਹੀਂ ਏ  ਲਾਵੇ ਨੇ
ਧੂਹ ਤੇਰੇ ਤਖ਼ਤ ਹਿਲਾਉਣੇ, ਤੇਰੇ ਨਾਲ ਸਾਡੇ ਵੀ ਵਾਅਦੇ ਨੇ
ਦਮ ਪਰਖੀਂ ਨਾ ਸਰਕਾਰੇ—– —————-
ਹਿੱਕ ਪਾੜ ਕੇ ਬੰਜਰ ਦੀ, ਅਨਾਜਾਂ ਨੂੰ ਉਪਜਾਉਂਦੇ ਹਾਂ
ਮੁੜਕੇ ਨਾਲ਼ ਸਿੰਜਾ ਕੇ  ,  ਫਸਲਾਂ ਨੂੰ ਲਹਿਰਾਉਂਦੇ ਹਾਂ
ਸਾਨਾਂ ਨੂੰ ਪਾਉਣੀਆਂ ਕਿਵੇਂ ਨਕੇਲਾਂ, ਦੱਸਿਆ ਦਾਦੇ ਨੇ
ਦਮ ਪਰਖੀਂ ਨਾ ਸਰਕਾਰੇ———– ———-
ਆਪਣੀ ਪਿਆਸ ਬੁਝਾਵਣ ਲਈ, ਹਾਂ ਖੂਹ ਪੁੱਟ ਪੀਂਦੇ ਪਾਣੀ
ਜਿੰਦਗ਼ੀ ਦੇ ਉਸਤਾਦ ਅਸੀਂ, ਅਨਪੜ੍ਹ ‘ਗੂਠੇ ਛਾਪ ਨਾ ਯਾਣੀ
ਦਰਿਆਵਾਂ  ਦੇ ਨੱਕ ਮੋੜ ਦੇਈਏ, ਐਸੇ ਸਿਰੜ ਇਰਾਦੇ ਨੇ
ਦਮ ਪਰਖ਼ੀਂ ਨਾ ਸਰਕਾਰੇ——————–
ਰਹੇ ਲਿਤਾੜੇ ਸਦੀਆਂ ਤੋਂ, ਮਜਬਾਂ ਏ  ਜਾਤ-ਕੁਜਾਤਾਂ ਦੇ
ਅਸੀਂ ਬਲਦੇ ਵਾਂਗ ਮਿਸ਼ਾਲਾਂ , ਸੂਰਜ ਬਣ ਪੵਭਾਤਾਂ ਦੇ
ਚਾਨਣ ਬਣਕੇ ਉੱਗੇ ਹਾਂ, ਏ ਤੇਰੇ ਹਨੇਰੇ ਕਾਹਦੇ ਨੇ
ਦਮ ਪਰਖ਼ੀਂ ਨਾ ਸਰਕਾਰੇ———————
ਜੇਠ-ਹਾੜ ਦੇ ਤਿੱਖੜ ਦੁਪਹਿਰੇ, ਲੂੰਹਦੇ ਸੇਕੇ ਅੰਬਰ ਦੇ
ਸਰਦ ਹਵਾਵਾਂ ਨਾਲ਼ ਪੇਚੇ  , ਪੋਹ ਦੇ ਕੱਕਰ ਠਠੰਬਰ ਦੇ
ਗਰਜੇ ਬੜੇ ਲਿਸ਼ਕੇ , ਬਰਸੇ, ਤੇਰੇ ਹੁਕਮ ਪਿਆਦੇ ਨੇ
ਦਮ ਪਰਖ਼ੀਂ ਨਾ ਸਰਕਾਰੇ————–
ਅਸੀਂ ਕਿਰਤੀ ਹਾਂ, ਨਾ ਛੇੜੀਂ,  ਸਰਹੱਦਾਂ ਤੇ ਰਖਵਾਲੇ ਹਾਂ
ਅਸੀਂ ਅੱਗ ਦੇ ਭਾਂਬੜ ਹਾਂ, “ਬਾਲੀ ਰੇਤਗੜੵ”  ਵਾਲੇ ਹਾਂ
ਛਲ-ਕਪਟ ਏ ਧੋਖੇ, ਸਾਡੇ ਨਾਲ ਕਮਾਏ ਜਿਆਦੇ  ਨੇ
ਦਮ ਪਰਖ਼ੀ। ਨਾ ਸਰਕਾਰੇ——————
       ਬਲਜਿੰਦਰ ਸਿੰਘ ਬਾਲੀ ਰੇਤਗੜੵ 
           9465129168
Previous articleਬੈਂਕਾਂ ਸਵੈ ਰੁਜ਼ਗਾਰ ਪ੍ਰਫੁੱਲਿਤ ਕਰਨ ਵਾਸਤੇ ਖੁੱਲਦਿੱਲੀ ਨਾਲ ਕਰਜ਼ ਦੇਣ-ਡਿਪਟੀ ਕਮਿਸ਼ਨਰ
Next articleਮਿਉਂਸਪਲ ਚੋਣਾਂ ਲਈ ਅਕਾਲੀ ਦਲ ਨੇ ਕੀਤੇ ਕਮਰਕੱਸੇ