ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਕੰਮਕਾਜ ਠੱਪ

ਲੁਧਿਆਣਾ (ਸਮਾਜ ਵੀਕਲੀ) : ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ। ਇਸ ਤਹਿਤ ਬੈਂਕ ਮੁਲਾਜ਼ਮਾਂ ਨੇ ਭਾਰਤ ਨਗਰ ਚੌਕ ਸਥਿਤ ਕੇਨਰਾ ਬੈਂਕ ਦੇ ਬਾਹਰ ਸਰਕਾਰ ਦੀਆਂ ਕਰਮਚਾਰੀ ਅਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਰਾਹੀਂ ਦੇਸ਼ ਦੀ ਅਰਥਵਿਵਸਥਾ ਪੂੰਜੀਪਤੀਆਂ ਨੂੰ ਸੰਭਾਲ ਰਹੀ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਆਰਥਿਕ ਸੰਕਟ ਹੋਰ ਡੂੰਘਾ ਹੋ ਜਾਵੇਗਾ। ਇਸ ਹੜਤਾਲ ਵਿੱਚ ਲੁਧਿਆਣਾ ਦੀਆਂ ਕਰੀਬ 480 ਬ੍ਰਾਂਚਾਂ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ, ਜਿਸ ਕਾਰਨ ਲਗਪਗ ਇੱਕ ਹਜ਼ਾਰ ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ।

ਯੂਨਾਈਟਡ ਫੋਰਮ ਆਫ਼ ਬੈਂਕ ਇੰਪਲਾਇਜ਼ ਦੇ ਕਨਵੀਨਰ ਨਰੇਸ਼ ਗੌੜ ਨੇ ਕਿਹਾ ਕਿ ਪਹਿਲੇ ਫੇਜ਼ ਵਿੱਚ ਦੋ ਬੈਂਕ ਮਰਜ ਕੀਤੇ ਜਾ ਰਹੇ ਹਨ। ਜੇ ਸਰਕਾਰ ਇਹੀ ਨੀਤੀ ’ਤੇ ਚੱਲਦੀ ਹੈ ਤਾਂ ਆਉਣ ਵਾਲੇ ਦਿਨਾਂ ’ਚ ਬੈਂਕਾਂ ਦੇ ਨਾਲ ਨਾਲ ਸਰਕਾਰੀ ਸੰਸਥਾਵਾਂ ਵੀ ਨਿੱਜੀ ਹੱਥਾਂ ’ਚ ਚਲੀਆਂ ਜਾਣਗੀਆਂ। ਇਸ ਮੌਕੇ ਰਾਜਿੰਦਰ ਸਿੰਘ ਔਲਖ, ਬੀ.ਐੱਸ ਵਾਲੀਆ, ਪਵਨ ਠਾਕੁਰ, ਅਸ਼ੋਕ ਅਰੋੜਾ, ਜੀ.ਐੱਮ. ਮੰਗਤ, ਜੇ.ਪੀ. ਕਾਲੜਾ, ਇਕਬਾਲ ਸਿੰਘ ਮੱਲ੍ਹੀ ਤੇ ਹੋਰ ਹਾਜ਼ਰ ਸਨ।

Previous articleਖੇਤ ਮਜ਼ਦੂਰਾਂ ਵੱਲੋਂ ਖੇਤੀ ਤੇ ਕਿਰਤ ਕਾਨੂੰਨਾਂ ’ਚ ਸੋਧਾਂ ਖ਼ਿਲਾਫ਼ ਰੈਲੀ
Next articleਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ’ਚ ਘੁਮਾਉਣ ਦੇ ਦੋਸ਼ ਹੇਠ ਸਰਪੰਚ ਸਣੇ ਚਾਰ ਖ਼ਿਲਾਫ਼ ਕੇਸ ਦਰਜ