ਮਹਿਲਾ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣ ਲਈ 104 ਸਾਲਾ ਦੌੜਾਕ ਬੇਬੇ ਮਾਨ ਕੌਰ ਦਾ 8 ਮਾਰਚ ਨੂੰ ਨਾਰੀ ਸ਼ਕਤੀ ਪੁਰਸਕਾਰ-2019 ਨਾਲ ਸਨਮਾਨ ਕੀਤਾ ਜਾਵੇਗਾ। ਮਹਿਲਾਵਾਂ ਲਈ ਇਸ ਨੂੰ ਦੇਸ਼ ਦਾ ਸਰਵੋਤਮ ਨਾਗਰਿਕ ਸਨਮਾਨ ਮੰਨਿਆ ਜਾਂਦਾ ਹੈ। ਮਾਨ ਕੌਰ ਦੇ 82 ਸਾਲ ਦੇ ਪੁੱਤਰ ਗੁਰਦੇਵ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਹ ਪੁਰਸਕਾਰ ਦੇਣਗੇ।
ਬੇਬੇ ਮਾਨ ਕੌਰ ਨੂੰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤੋਂ ਇਸ ਸਬੰਧ ਵਿੱਚ ਪੱਤਰ ਮਿਲਿਆ ਹੈ। ਇਸ ਵਿੱਚ ਲਿਖਿਆ ਗਿਆ ਹੈ, ‘‘ਤੁਹਾਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਅਸਾਧਾਰਨ ਯੋਗਦਾਨ ਪਾਉਣ ਲਈ ਨਾਰੀ ਸ਼ਕਤੀ ਪੁਰਸਕਾਰ-2019 ਲਈ ਚੁਣਿਆ ਗਿਆ ਹੈ। ਪੁਰਸਕਾਰ ਤਹਿਤ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ।’’ ਪੱਤਰ ਮੁਤਾਬਕ, ‘‘ਮਾਣਯੋਗ ਰਾਸ਼ਟਰਪਤੀ ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਰੋਹ ਵਿੱਚ ਇਹ ਪੁਰਸਕਾਰ ਦੇਣਗੇ।’’
ਮਾਨ ਕੌਰ ਦੀ ਇਸ ਸਮੇਂ ਉਮਰ 104 ਸਾਲ ਹੈ। ਉਨ੍ਹਾਂ ਨੇ ਸਾਲ 2007 ਵਿੱਚ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਮੀਟ ਵਿੱਚ ਆਪਣਾ ਪਹਿਲਾ ਤਗ਼ਮਾ ਜਿੱਤਿਆ ਸੀ। ਉਹ ਸਾਲ 2017 ਵਿੱਚ ਔਕਲੈਂਡ ਵਿੱਚ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖ਼ੀਆਂ ਵਿੱਚ ਆਈ ਸੀ। ਉਨ੍ਹਾਂ ਦੇ ਨਾਮ ਕਈ ਰਿਕਾਰਡ ਦਰਜ ਹਨ। ਉਨ੍ਹਾਂ ਨੇ ਪੋਲੈਂਡ ਵਿੱਚ ਮਾਸਟਰਜ਼ ਅਥਲੈਟਿਕਸ ਵਿੱਚ ਟਰੈਕ ਐਂਡ ਫੀਲਡ ਵਿੱਚ ਚਾਰ ਸੋਨ ਤਗ਼ਮੇ ਜਿੱਤੇ ਸਨ। ਇਸ ਤੋਂ ਪਹਿਲਾਂ ਮਾਨ ਕੌਰ ਨੇ ਕਿਹਾ ਸੀ, ‘‘ਮੈਂ ਦੌੜਨਾ ਜਾਰੀ ਰੱਖਾਂਗੀ ਅਤੇ ਜਦੋਂ ਤੱਕ ਸੰਭਵ ਹੋਇਆ ਮੈਂ ਹਰੇਕ ਮੁਕਾਬਲੇ ਵਿੱਚ ਹਿੱਸਾ ਲੈਂਦੀ ਰਹਾਂਗੀ। ਜਦੋਂ ਮੈਂ ਦੌੜਦੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’’
Sports ਬੇਬੇ ਮਾਨ ਕੌਰ ਦਾ ਨਾਰੀ ਸ਼ਕਤੀ ਪੁਰਸਕਾਰ ਨਾਲ ਹੋਵੇਗਾ ਸਨਮਾਨ