ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਨੂੰ ਲੋਕਾਂ ਵਿਚ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਰੋਸ ਦਾ ਸਿੱਟਾ ਦੱਸਿਆ ਹੈ। ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਚ ਪਰਿਵਾਰ ਵਲੋਂ ਰਖਵਾਏ ਅਖੰਡ ਪਾਠ ਦੇ ਭੋਗ ਵਿਚ ਸ਼ਮੂਲੀਅਤ ਕਰਨ ਪੁੱਜੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜੇਲ੍ਹ ਵਿਚ ਡੇਰਾ ਪ੍ਰੇਮੀ ਦੀ ਕੀਤੀ ਗਈ ਹੱਤਿਆ ਦੀ ਨਿੰਦਾ ਕਰਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਬੇਅਦਬੀ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਲੋਕਾਂ ਦਾ ਰੋਸ ਅਜੇ ਵੀ ਸ਼ਾਂਤ ਨਹੀਂ ਹੋਇਆ। ਸਿੱਖ ਨੌਜਵਾਨ ਦੇ ਝੂਠੇ ਪੁਲੀਸ ਮੁਕਾਬਲੇ ਵਿਚ ਸਜ਼ਾ ਯਾਫਤਾ ਚਾਰ ਪੁਲੀਸ ਕਰਮਚਾਰੀਆਂ ਦੀ ਸਜ਼ਾ ਮੁਆਫੀ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਕਦੇ ਵੀ ਇਨ੍ਹਾਂ ਦੀ ਰਿਹਾਈ ਸਬੰਧੀ ਸਿਫਾਰਸ਼ ਨਹੀਂ ਕੀਤੀ ਗਈ। ਇਸ ਸਬੰਧੀ ਕਾਂਗਰਸ ਸਰਕਾਰ ਵਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਵੇਲੇ ਦੀ ਕਾਂਗਰਸ ਸਰਕਾਰ ਗੱਲ ਕਰ ਰਹੀ ਹੈ, ਉਸ ਵੇਲੇ ਚੋਣ ਜ਼ਾਬਤਾ ਲੱਗ ਚੁੱਕਾ ਸੀ। ਉਂਜ ਵੀ ਉਨ੍ਹਾਂ ਕੋਲ ਜੇਲ੍ਹ ਵਿਭਾਗ ਦਾ ਕਾਰਜਭਾਰ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਵਾਦ ਨੂੰ ਕਾਂਗਰਸ ਦਾ ਅੰਦਰੂਨੀ ਵਿਵਾਦ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ ਕੁਰਸੀ ਦੀ ਲੜਾਈ ਹੈ। ਮੁੱਖ ਮੰਤਰੀ ਕੋਲ ਇਹ ਅਖਤਿਆਰ ਹੁੰਦਾ ਹੈ ਕਿ ਉਹ ਮੰਤਰੀਆਂ ਦੇ ਵਿਭਾਗ ਬਦਲ ਸਕਦਾ ਹੈ। ਇਸ ਮਾਮਲੇ ਵਿਚ ਕੋਈ ਵੀ ਮੰਤਰੀ ਜ਼ਿੱਦ ਨਹੀਂ ਕਰ ਸਕਦਾ। ਸੂਬੇ ਦੀ ਕਾਂਗਰਸ ਸਰਕਾਰ ਨੂੰ ਅਸਫਲ ਸਰਕਾਰ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਗੁਰੂ ਨਗਰੀ ਵਿਚ ਬਣਾਈ ਹੈਰੀਟੇਜ ਸਟਰੀਟ ਦੀ ਸਾਂਭ ਸੰਭਾਲ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼ਹਿਰ ਵਿਚ ਆਉਣ ਵਾਲੀਆਂ ਸੜਕਾਂ ਦਾ ਮਾੜਾ ਹਾਲ ਹੈ ਜਦੋਂਕਿ ਅਕਾਲੀ ਸਰਕਾਰ ਵੇਲੇ ਸ਼ਹਿਰ ਵਿਚ ਦਾਖਲ ਹੋਣ ਵਾਲੇ ਮਾਰਗਾਂ ਨੂੰ ਵਿਸ਼ੇਸ਼ ਦਿੱਖ ਦਿੱਤੀ ਗਈ ਸੀ। ਉਨ੍ਹਾਂ ਨਰੇਗਾ ਵਿਚ ਵੀ ਵੱਡੇ ਘਪਲੇ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਇਸ ਦੀ ਜਾਂਚ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਹੇਠ ਆ ਰਹੇ ਫੰਡਾਂ ਵਿਚ ਹੇਰਫੇਰ ਹੋ ਰਿਹਾ ਹੈ ਜਿਸ ਵਿਚ ਕਈਆਂ ਦੀ ਮਿਲੀਭੁਗਤ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਸਬੰਧੀ ਸਾਰੀ ਰਿਪੋਰਟ ਹੈ ਅਤੇ ਜਦੋਂ ਅਕਾਲੀ ਸੱਤਾ ਵਿਚ ਆਏ ਤਾਂ ਘਪਲਿਆਂ ਵਿਚ ਸ਼ਾਮਲ ਅਧਿਕਾਰੀਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਉਨ੍ਹਾਂ ਕਾਂਗਰਸ ਸਰਕਾਰ ’ਤੇ ਸਮਾਰਟ ਕਾਰਡ ਮਾਮਲੇ ਵਿਚ ਅਕਾਲੀਆਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ। ਬਰਗਾੜੀ ਅਤੇ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ‘ਸਿਟ’ ਨੂੰ ਉਨ੍ਹਾਂ ਚੋਣ ਡਰਾਮਾ ਕਰਾਰ ਦਿੰਦਿਆਂ ਆਖਿਆ ਕਿ ਇਸ ਜਾਂਚ ਕਮੇਟੀ ਵਿਚ ਪੰਜ ਮੈਂਬਰ ਹਨ ਅਤੇ ਮਰਿਆਦਾ ਮੁਤਾਬਕ ਪੰਜਾਂ ਮੈਂਬਰਾਂ ਨੇ ਜਾਂਚ ਕਰਨੀ ਹੈ ਪਰ ਇਸ ਕਮੇਟੀ ਵਿਚ ਸਿਰਫ ਇਕ ਵਿਅਕਤੀ ਜਾਂਚ ਕਰ ਰਿਹਾ ਹੈ ਅਤੇ ਉਸ ਵਲੋਂ ਹੀ ਸਾਰੀ ਰਿਪੋਰਟ ਦਿੱਤੀ ਜਾ ਰਹੀ ਹੈ।
INDIA ਬੇਅਦਬੀ ਦੇ ਰੋਸ ਵਜੋਂ ਹੋਈ ਡੇਰਾ ਪ੍ਰੇਮੀ ਦੀ ਹੱਤਿਆ: ਸੁਖਬੀਰ