ਬੇਅਦਬੀ ਕਾਂਡ: ਸਾਬਕਾ ਡੀਜੀਪੀ ਸੈਣੀ ਤੇ ਤਿੰਨ ਹੋਰਾਂ ਤੋਂ ਪੁੱਛ-ਪੜਤਾਲ

ਪਿਛਲੀ ਸਰਕਾਰ ਵੇਲੇ ਜਾਂਚ ਕਰਨ ਵਾਲੀ ਸਿਟ ਤੋਂ ਵੀ ਕੀਤੀ ਪੁੱਛਗਿੱਛ

ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਅਤੇ ਇਸ ਦੇ ਨਾਲ ਹੀ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲੀਸ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਅੱਜ ਸਾਬਕਾ ਪੁਲੀਸ ਮੁਖੀ ਤੇ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਸੁਮੇਧ ਸਿੰਘ ਸੈਣੀ ਸਮੇਤ ਤਿੰਨ ਹੋਰਨਾਂ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਸੁਮੇਧ ਸਿੰਘ ਸੈਣੀ 3 ਕੁ ਵਜੇ ਦੇ ਕਰੀਬ ਪੰਜਾਬ ਆਰਮਡ ਪੁਲੀਸ ਦੀ 82 ਵੀਂ ਬਟਾਲੀਅਨ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਸਿਟ ਦੇ ਮੂਹਰੇ ਪੇਸ਼ ਹੋਣ ਲਈ ਪਹੁੰਚੇ ਤੇ ਉਥੇ ਤਕਰੀਬਨ 2 ਘੰਟੇ ਦਾ ਸਮਾਂ ਬਿਤਾਇਆ। ਸੂਤਰਾਂ ਦਾ ਦੱਸਣਾ ਹੈ ਕਿ ਸਿਟ ਨਾਲ ਸਬੰਧਤ ਪੁਲੀਸ ਅਧਿਕਾਰੀਆਂ ਵਧੀਕ ਡੀਜੀਪੀ ਪ੍ਰਬੋਧ ਕੁਮਾਰ, ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਅਰੁਣ ਪਾਲ ਸਿੰਘ, ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਅਤੇ ਭੂਪਿੰਦਰ ਸਿੰਘ ਨੇ ਪੁੱਛਗਿੱਛ ਕੀਤੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਿਟ ਵੱਲੋਂ ਸੁਮੇਧ ਸਿੰਘ ਸੈਣੀ ਤੋਂ ਕੋਟਕਪੂਰਾ ਪੁਲੀਸ ਗੋਲੀ ਕਾਂਡ ਨਾਲ ਸਬੰਧਤ ਸਵਾਲ ਪੁੱਛੇ। ਇਸ ਸਾਬਕਾ ਪੁਲੀਸ ਅਧਿਕਾਰੀ ਤੋਂ ਕੁੱਝ ਅਜਿਹੇ ਸਵਾਲ ਵੀ ਪੁੱਛੇ ਗਏ ਜੋ ਕਿ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਸਨ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸੁਮੇਧ ਸਿੰਘ ਸੈਣੀ ਨੇ ਪੁੱਛਗਿੱਛ ਦੌਰਾਨ ਭਾਵੇਂ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਪਰ ਸਾਬਕਾ ਪੁਲੀਸ ਮੁਖੀ ਤੋਂ ਕੀਤੀ ਤਫ਼ਤੀਸ਼ ਤੋਂ ਬਾਅਦ ਮਾਮਲਾ ਅੱਗੇ ਵਧਾਉਣ ’ਚ ਕੋਈ ਤਕਨੀਕੀ ਅੜਿੱਕਾ ਨਹੀਂ ਆਵੇਗਾ। ਪੰਜਾਬ ਸਰਕਾਰ ਵੱਲੋਂ ਗਠਿਤ ਸਿਟ ਵੱਲੋਂ ਭੇਜੇ ਸੰਮਨ ਤੋਂ ਬਾਅਦ ਸੁਮੇਧ ਸਿੰਘ ਸੈਣੀ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਮਿੱਥੇ ਸਮੇਂ ਮੁਤਾਬਕ ਹੀ ਪਹੁੰਚ ਗਏ ਸਨ। ਸੁਮੇਧ ਸਿੰਘ ਸੈਣੀ ਪਹਿਲੀ ਵਾਰੀ ਪੰਜਾਬ ਪੁਲੀਸ ਦੇ ਅਜਿਹੇ ਅਫ਼ਸਰਾਂ ਦੇ ਸਾਹਮਣੇ ਤਫ਼ਤੀਸ਼ ਲਈ ਪੇਸ਼ ਹੋਏ ਹਨ ਜਿਹੜੇ ਅਫ਼ਸਰ ਸੈਣੀ ਦੇ ਮਤਾਹਿਤ ਵਜੋਂ ਕੰਮ ਕਰ ਚੁੱਕੇ ਹਨ। ਇਸੇ ਤਰ੍ਹਾਂ ਸਿਟ ਵੱਲੋਂ ਅੱਜ ਸਵੇਰੇ 11 ਵਜੇ ਦੇ ਕਰੀਬ ਵਧੀਕ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ, ਆਈਜੀ ਅਮਰ ਸਿੰਘ ਚਾਹਲ ਅਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਤੋਂ ਵੀ ਪੁੱਛਗਿੱਛ ਕੀਤੀ।

Previous articleਆਸ਼ੂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਹੰਗਾਮਾ
Next articleਕੌਮੀ ਜੰਗੀ ਯਾਦਗਾਰ ਦੇਸ਼ ਨੂੰ ਸਮਰਪਿਤ