ਆਸ਼ੂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਹੰਗਾਮਾ

ਭ੍ਰਿਸ਼ਟਾਚਾਰ ਦਾ ਮਾਮਲਾ

ਕੈਪਟਨ ਵੱਲੋਂ ਪੜਤਾਲੀਆ ਰਿਪੋਰਟ ਮਿਲਣ ਮਗਰੋਂ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਭਰੋਸਾ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਦੇ ਅਖੀਰਲੇ ਦਿਨ ਦਾ ਸੈਸ਼ਨ ਸ਼ੁਰੂ ਹੁੰਦਿਆਂ ਸਾਰ ਹੀ ਲੁਧਿਆਣਾ ਦੇ ‘ਗ੍ਰੈਂਡ ਮੈਨਰ ਹੋਮਸ’ ਫਲੈਟਾਂ ਦੇ ਪ੍ਰਾਜੈਕਟ ਵਿਚ ਹੋਏ ਘਪਲੇ ਦਾ ਮਾਮਲਾ ਉਠਾਉਂਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਅਸਤੀਫ਼ਾ ਲੈ ਕੇ ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਸ੍ਰੀ ਆਸ਼ੂ ਇਸ ਮੁੱਦੇ ਨੂੰ ਲੈ ਕੇ ਨਗਰ ਨਿਗਮ ਦੇ ਦੋ ਅਧਿਕਾਰੀਆਂ ਨੂੰ ਫੋਨ ’ਤੇ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਕੋਲ ਇਸ ਦੀਆਂ ਆਡੀਓ ਵੀ ਮੌਜੂਦ ਹਨ ਪਰ ਸਪੀਕਰ ਰਾਣਾ ਕੇ ਪੀ ਸਿੰਘ ਨੇ ਸਦਨ ਵਿਚ ਇਹ ਆਡੀਓ ਸੁਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਰੋਹ ਵਿਚ ਆਏ ‘ਆਪ’ ਵਿਧਾਇਕਾਂ ਨੇ ਵੈੱਲ ਵਿਚ ਜਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਪਾਰਟੀ ਦੇ ਬਾਗੀ ਵਿਧਾਇਕਾਂ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ ਤੇ ਨਾਜਰ ਸਿੰਘ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜ਼ਰੀ ਵਿਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ‘ਆਪ’ ਦੇ ਵਿਧਾਇਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਕੋਈ ਅਸਰ ਨਾ ਹੋਇਆ। ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ‘ਆਪ’ ਵਾਲੇ ਇਸ (ਸਿੱਧੂ) ਦੇ ਕਹਿਣ ’ਤੇ ਇਹ ਮੁੱਦਾ ਉਠਾ ਰਹੇ ਹਨ। ਇਸ ਕਾਰਨ ‘ਆਪ’ ਅਤੇ ਅਕਾਲੀ ਦਲ-ਭਾਜਪਾ ਦੇ ਵਿਧਾਇਕਾਂ ਵਿਚਕਾਰ ਵੀ ਕਾਫੀ ਹੰਗਾਮਾ ਹੋਇਆ। ਮੰਤਰੀ ਸ੍ਰੀ ਆਸ਼ੂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਿਸੇ ਵੀ ਏਜੰਸੀ ਸਮੇਤ ਹਾਊਸ ਦੀ ਕਮੇਟੀ ਕੋਲੋਂ ਵੀ ਜਾਂਚ ਕਰਵਾਉਣ ਲਈ ਤਿਆਰ ਹਨ ਅਤੇ ਜੇ ਉਹ ਦੋਸ਼ੀ ਮਿਲੇ ਤਾਂ ਜਿਹੜੀ ਮਰਜ਼ੀ ਸਜ਼ਾ ਦੇ ਦਿਓ। ਕੰਵਰ ਸੰਧੂ ਨੇ ਕਿਹਾ ਕਿ ਪੜਤਾਲ ਦੀ ਰਿਪੋਰਟ ਆਉਣ ਤਕ ਸ੍ਰੀ ਆਸ਼ੂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਵੀ ਇਹੋ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਘਪਲੇ ਵਿਚ ਸ੍ਰੀ ਆਸ਼ੂ ਦੇ ਨਾਲ ਨਾਲ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਵੀ ਜ਼ਿੰਮੇਵਾਰ ਹਨ ਕਿਉਂਕਿ ਇਹ ਘਪਲਾ ਉਨ੍ਹਾਂ ਦੇ ਨੱਕ ਹੇਠ ਹੋਇਆ ਹੈ। ਇਸ ’ਤੇ ਸ੍ਰੀ ਸਿੱਧੂੁ ਅਤੇ ਸ੍ਰੀ ਮਜੀਠੀਆ ਵਿਚਕਾਰ ਜ਼ੁਬਾਨੀ ਜੰਗ ਹੁੰਦੀ ਰਹੀ। ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਵੈੱਲ ਵਿਚ ਜਾ ਕੇ ਸ੍ਰੀ ਸਿੱਧੂ ਵਿਰੁੱਧ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਸਦਨ ਵਿਚ ਆਏ ਤਾਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਪੜਤਾਲ ਤੋਂ ਬਿਨਾਂ ਹੀ ਮੰਤਰੀ ਨੂੰ ਦੋਸ਼ੀ ਕਰਾਰ ਦੇ ਰਹੀ ਹੈ। ਕੈਪਟਨ ਨੇ ਕਿਹਾ ਕਿ ਇਸ ਸਬੰਧ ਵਿਚ ਪੜਤਾਲ ਚੱਲ ਰਹੀ ਹੈ ਅਤੇ ਰਿਪੋਰਟ ਮਿਲਣ ’ਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਆਸ਼ੂ ਨੇ ਮੁੱਖ ਮੰਤਰੀ ਦੇ ਬੈਂਚ ’ਤੇ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕੈਪਟਨ ਨੇ ਉਸ ਦੀ ਪਿੱਠ ਪਲੋਸ ਕੇ ਕੁਝ ਕਿਹਾ। ਇਸ ਦੇ ਬਾਵਜੂਦ ਵਿਰੋਧੀ ਧਿਰ ਦੇ ਆਗੂ ਸ੍ਰੀ ਆਸ਼ੂ ਦਾ ਅਸਤੀਫ਼ਾ ਲੈਣ ਦੀ ਮੰਗ ਉਪਰ ਅੜੇ ਰਹੇ ਅਤੇ ਸਦਨ ਵਿਚੋਂ ਵਾਕਆਊਟ ਕਰ ਗਏ। ਸਦਨ ਤੋਂ ਬਾਹਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਨੇ ਆਸ਼ੂ ਵੱਲੋਂ ਅਫ਼ਸਰਾਂ ਨੂੰ ਫੋਨ ’ਤੇ ਦਿੱਤੀਆਂ ਧਮਕੀਆਂ ਸੁਣਾਉਂਦਿਆਂ ਦਾਅਵਾ ਕੀਤਾ ਕਿ ਮੰਤਰੀ ਇਸ ਵਿਚ ਹਾਈਕੋਰਟ ਨੂੰ ਵੀ ਚੁਣੌਤੀ ਦਿੰਦਾ ਸੁਣਾਈ ਦੇ ਰਿਹਾ ਹੈ। ਉਧਰ ਸ੍ਰੀ ਮਜੀਠੀਆ ਨੇ ਵੀ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਮੰਤਰੀ ਸਿੱਧੂੁ ਖਾਮੋਸ਼ ਹਨ ਅਤੇ ਉਲਟਾ ਵਿਧਾਨ ਸਭਾ ਵਿਚ ਅਤਿ ਦਰਜੇ ਦੀ ਮਾੜੀ ਸ਼ਬਦਾਵਲੀ ਵਰਤ ਕੇ ਸਦਨ ਨੂੰ ਠੇਸ ਪਹੁੰਚਾ ਰਹੇ ਹਨ।

Previous articleਪਾਕਿਸਤਾਨ ਦੇ ਖਿਲਾਫ ਵੱਡਾ ਐਕਸ਼ਨ, ਹਵਾਈ ਫੌਜ ਨੇ ਬੰਬ ਸੁੱਟੇ, 300 ਅੱਤਿਵਾਦੀ ਮਾਰੇ, ਪਾਕਿਸਤਾਨ ਨੇ ਐਮਰਜੈਂਸੀ ਮੀਟਿੰਗ ਬੁਲਾਈ
Next articleਬੇਅਦਬੀ ਕਾਂਡ: ਸਾਬਕਾ ਡੀਜੀਪੀ ਸੈਣੀ ਤੇ ਤਿੰਨ ਹੋਰਾਂ ਤੋਂ ਪੁੱਛ-ਪੜਤਾਲ