ਬੇਅਦਬੀ ਕਾਂਡ: ਗੁਰਮੀਤ ਰਾਮ ਰਹੀਮ ਦੋਸ਼ੀ ਵਜੋਂ ਨਾਮਜ਼ਦ

ਫ਼ਰੀਦਕੋਟ (ਸਮਾਜਵੀਕਲੀ) :  ਜੂਨ 2015 ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ’ਚ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਸਾਜਿਸ਼ਕਾਰ ਵਜੋਂ ਦੋਸ਼ੀ ਨਾਮਜ਼ਦ ਕੀਤਾ ਹੈ। ਡੇਰਾ ਮੁਖੀ ਇਸ ਵੇਲੇ ਜਬਰ-ਜਨਾਹ ਦੇ ਦੋਸ਼ਾਂ ਤਹਿਤ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲਾਂ ਦੀ ਦੂਹਰੀ ਸਜ਼ਾ ਕੱਟ ਰਿਹਾ ਹੈ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਸੀ ਅਤੇ ਉਸ ਤੋਂ ਬਾਅਦ ਬੀੜ ਦੇ ਪੱਤਰੇ ਗਲੀਆਂ ’ਚ ਖਿਲਾਰੇ ਗਏ ਸਨ, ਜਿਸ ਮਗਰੋਂ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ।

ਵਿਸ਼ੇਸ਼ ਜਾਂਚ ਟੀਮ ਨੇ ਚਾਰ ਦਿਨ ਪਹਿਲਾਂ ਪੰਜ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਤੋਂ ਪੁੱਛਗਿੱਛ ਪੜਤਾਲ ਦੌਰਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਾਜਿਸ਼ ਸਾਹਮਣੇ ਆਈ ਹੈ। ਜਾਂਚ ਟੀਮ ਨੇ ਮੁੱਢਲੀ ਪੜਤਾਲ ਮੁਕੰਮਲ ਹੋਣ ਮਗਰੋਂ ਅੱਜ ਅਦਾਲਤ ਸਾਹਮਣੇ ਚਲਾਨ ਵੀ ਪੇਸ਼ ਕਰ ਦਿੱਤਾ, ਜਿਸ ’ਚ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਨਾਂਅ ਵੀ ਸ਼ਾਮਲ ਹਨ।

ਜਾਂਚ ਟੀਮ ਨੇ ਦਾਅਵਾ ਕੀਤਾ ਕਿ 2007 ਤੋਂ ਲੈ ਕੇ 2015 ਤੱਕ ਡੇਰਾ ਸਿਰਸਾ ਅਤੇ ਸਿੱਖਾਂ ਦਰਮਿਆਨ ਤਿੱਖਾ ਟਕਰਾਅ ਚੱਲਦਾ ਰਿਹਾ ਅਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਦੇ ਕਹਿਣ ’ਤੇ ਕੁਝ ਡੇਰਾ ਪ੍ਰੇਮੀਆਂ ਨੇ ਸੱਚਾ ਸੌਦਾ ਦੇ ਲੌਕੇਟ ਉਤਾਰ ਕੇ ਸੁੱਟ ਦਿੱਤੇ ਸਨ। ਡੇਰਾ ਪ੍ਰੇਮੀਆਂ ਨੇ ਸਿੱਖਾਂ ਤੋਂ ਲੌਕੇਟਾਂ ਦੀ ਬੇਅਦਬੀ ਦਾ ਬਦਲਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਸਾਜਿਸ਼ ਰਚੀ। ਜਾਂਚ ਟੀਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਚੋਰੀ ਅਤੇ ਇਸ ਦੀ ਬੇਅਦਬੀ ਕਰਨ ਦੀ ਸਾਜਿਸ਼ ਡੇਰਾ ਸੱਚਾ ਸੌਦਾ ’ਚ ਹੀ ਰਚੀ ਗਈ ਸੀ ਅਤੇ ਡੇਰਾ ਮੁਖੀ ਇਸ ਸਾਜਿਸ਼ ’ਚ ਪੂਰੀ ਤਰ੍ਹਾਂ ਸ਼ਾਮਲ ਸੀ।

ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਜੇਕਰ ਡੇਰਾ ਸੱਚਾ ਸੌਦਾ ਦੇ ਕੌਮੀ ਕਮੇਟੀ ਮੈਂਬਰ ਗ੍ਰਿਫ਼ਤਾਰ ਹੋ ਜਾਂਦੇ ਹਨ ਤਾਂ ਹੋਰ ਮੁਲਜ਼ਮਾਂ ਦੀ ਸ਼ਨਾਖਤ ਵੀ ਹੋ ਸਕਦੀ ਹੈ। ਪੜਤਾਲ ਦੌਰਾਨ ਉਨ੍ਹਾਂ ਨੂੰ ਅਹਿਮ ਸਬੂਤ, ਗਵਾਹ ਅਤੇ ਦਸਤਾਵੇਜ਼ ਮਿਲੇ ਹਨ, ਜੋ ਉਨ੍ਹਾਂ ਨੇ ਚਲਾਨ ਦੇ ਨਾਲ ਡਿਊਟੀ ਜੱਜ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੇ ਹਨ।

ਦੱਸਣਯੋਗ ਹੈ ਕਿ ਬਾਜਾਖਾਨਾ ਪੁਲੀਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਸਬੰਧੀ 2 ਜੂਨ 2015 ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 295-ਏ, 380, 120-ਬੀ, 201 ਤਹਿਤ ਦਰਜ ਕੇਸ ’ਚ ਧਾਰਾ 414 ਅਤੇ 451 ਤਹਿਤ ਦੋਸ਼ਾਂ ਦਾ ਵਾਧਾ ਕੀਤਾ ਹੈ। ਜਾਂਚ ਟੀਮ ਨੇ ਕੌਮੀ ਕਮੇਟੀ ਮੈਂਬਰ ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟਾਂ ਦੀ ਮੰਗ ਕੀਤੀ ਹੈ। ਅਦਾਲਤ ਵਾਰੰਟ ਜਾਰੀ ਕਰਨ ਬਾਰੇ 8 ਜੁਲਾਈ ਨੂੰ ਸੁਣਵਾਈ ਕਰੇਗੀ।

Previous articleਜਾਅਲੀ ਟੀ-20 ਮੈਚ: ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
Next articleਪੰਜਾਬ ’ਚ ਕਰੋਨਾ ਨਾਲ ਪੰਜ ਦੀ ਮੌਤ