ਬੁੱਧੀਮਾਨ ਤੇ ਸੰਵੇਦਨਸ਼ੀਲ ਜੀਵ : ਹਾਥੀ

ਸਮਾਜ ਵੀਕਲੀ

ਪਿਆਰੇ ਬੱਚਿਓ ! ਨਮਸਤੇ , ਸਤਿ ਸ੍ਰੀ ਅਕਾਲ , ਗੁੱਡ ਮੌਰਨਿੰਗ। ਤੁਸੀਂ ਆਪਣੇ ਆਲੇ – ਦੁਆਲੇ , ਪਿੰਡ ਵਿੱਚ , ਨਾਨਕਾ ਘਰ ਜਾਂ ਬਾਜ਼ਾਰ ਵਿੱਚ ਹਾਥੀ ਜ਼ਰੂਰ ਦੇਖਿਆ ਹੋਵੇਗਾ। ਬੱਚਿਓ ! ਹਾਥੀ ਧਰਤੀ ‘ਤੇ ਰਹਿਣ ਵਾਲਾ ਸਭ ਤੋਂ ਵੱਡਾ ਜੀਵ ਹੈ। ਆਓ ! ਅੱਜ ਤੁਹਾਨੂੰ ਹਾਥੀ ਬਾਰੇ ਕੁਝ ਨਵੀਂ ਜਾਣਕਾਰੀ ਦੇਈਏ। ਬੱਚਿਓ ! ਹਾਥੀ ਇੱਕ ਸੰਵੇਦਨਸ਼ੀਲ , ਤਾਕਤਵਰ , ਸਮਾਜਿਕ , ਭਾਰੀ ਅਤੇ ਬੁੱਧੀਮਾਨ ਜਾਨਵਰ ਹੈ। ਇਹ ਸ਼ਾਂਤ ਸੁਭਾਅ ਅਤੇ ਸਿਆਣਪ ਦਾ ਪ੍ਰਤੀਕ ਹੈ। ਹਾਥੀ ਦੀ ਯਾਦ ਸ਼ਕਤੀ ਅਤੇ ਅਕਲਮੰਦੀ ਬਹੁਤ ਤੇਜ਼ ਹੁੰਦੀ ਹੈ।

ਹਾਥੀ ਘਣੇ ਜੰਗਲਾਂ , ਘਾਟੀਆਂ , ਝਾੜੀਆਂ ਵਾਲੀਆਂ ਥਾਂਵਾਂ , ਉੱਚੀਆਂ – ਨੀਵੀਂਆਂ ਥਾਵਾਂ , ਸੰਘਣੇ ਵਣਾਂ , ਉੱਚੇ – ਉੱਚੇ ਦਰੱਖਤਾਂ ਵਾਲੀਆਂ ਥਾਂਵਾਂ , ਉੱਚੀ – ਨੀਵੀਂ ਧਰਤੀ , ਪਹਾਡ਼ੀ ਖੇਤਰਾਂ , ਘਾਟੀਆਂ , ਹਿਮਾਲਿਆ ਪਰਬਤ ਦੇ ਤਰਾਈ ਵਾਲੇ ਹਿੱੱਸਿਆਂ , ਵੱਖ – ਵੱਖ ਰਾਜਾਂ ਦੇ ਵਣ ਖੇਤਰਾਂ , ਪਹਾਡ਼ੀ ਖੇਤਰਾਂ , ਘਾਟਾਂ ਆਦਿ ਥਾਵਾਂ ‘ਤੇ ਰਹਿੰਦੇ ਹਨ। ਹਾਥੀ ਹਮੇਸ਼ਾ ਸਮੂਹਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਤੇ ਇਨ੍ਹਾਂ ਸਮੂਹਾਂ ਦੀ ਅਗਵਾਈ ਮਾਦਾ ਹਾਥੀ (ਹਥਣੀ) ਕਰਦੀ ਹੈ। ਹਾਥੀ ਦਾ ਭਾਰ ਨੌੰ ਹਜ਼ਾਰ ਕਿੱਲੋਗ੍ਰਾਮ ਤੋਂ ਗਿਆਰਾਂ ਹਜ਼ਾਰ ਕਿੱਲੋਗ੍ਰਾਮ ਤੱਕ ਹੋ ਸਕਦਾ ਹੈ। ਇਸ ਦੇ ਅਗਲੇ ਪਿਛਲੇ ਪੈਰਾਂ ਦੇ ਤਿੰਨ – ਤਿੰਨ ਨਹੁੰ ਹੁੰਦੇ ਹਨ। ਮਨੁੱਖ ਨੇ ਆਪਣੀ ਬੁੱਧੀ ਨਾਲ ਇਸ ਵਿਸ਼ਾਲ ਜੀਵ ਨੂੰ ਆਪਣੀ ਮਦਦ ਲਈ ਆਪਣਾ ਦੋਸਤ ਬਣਾ ਲਿਆ।

ਜੀਵ – ਵਿਗਿਆਨੀਆਂ ਦੇ ਅਨੁਸਾਰ ਹਾਥੀਆਂ ਦੀਆਂ ਦੋ ਪ੍ਰਜਾਤੀਆਂ ਹਨ : ਭਾਰਤੀ ਹਾਥੀ ( ਏਸ਼ਿਆਈ ਹਾਥੀ ) ਅਤੇ ਦੂਸਰਾ ਅਫ਼ਰੀਕੀ ਹਾਥੀ। ਬੱਚਿਓ ! ਜਿਸ ਹਾਥੀ ਦੇ ਬਾਹਰੀ ਦੰਦ ਨਹੀਂ ਹੁੰਦੇ , ਉਸ ਨੂੰ ‘ ਮਕੁਨਾ’ ਕਿਹਾ ਜਾਂਦਾ ਹੈ। ਆਪਣੇ ਬਹੁਤ ਜ਼ਿਆਦਾ ਭਾਰ ਕਾਰਨ ਹਾਥੀ ਉੱਚੀ – ਲੰਮੀ ਛਾਲ ਨਹੀਂ ਲਗਾ ਸਕਦਾ , ਪਰ ਇਹ ਪੱਚੀ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ। ਹਾਥੀ ਦਾ ਸਭ ਤੋਂ ਖ਼ਾਸ ਸਰੀਰਕ ਅੰਗ ਇਸ ਦੀ ਸੁੰਡ ਹੁੰਦੀ ਹੈ।ਹਾਥੀ ਭੋਜਨ ਖਾਣ , ਪਾਣੀ ਪੀਣ , ਨਹਾਉਣ , ਆਪਣੇ ਉੱਤੇ ਧੂੜ ਪਾਉਣ , ਚੀਜ਼ਾਂ ਚੁੱਕਣ , ਸੁੰਘਣ ਤੇ ਚਿਤਾਵਨੀ ਦੇਣ ਲਈ ਆਪਣੀ ਸੁੰਡ ਦੀ ਵਰਤੋਂ ਕਰਦਾ ਹੈ । ਇਸ ਦੀ ਸੁੰਡ ਵਿੱਚ ਲਗਪਗ ਚਾਲੀ ਮਾਸਪੇਸ਼ੀਆਂ ਹੁੰਦੀਆਂ ਹਨ।ਜਿਨ੍ਹਾਂ ਸਦਕਾ ਇਹ ਸੂਈ , ਮਟਰ ਜਾਂ ਮੱਕੀ ਦਾ ਦਾਣਾ ਤੱਕ ਦੀਆਂ ਛੋਟੀਆਂ ਚੀਜ਼ਾਂ ਨੂੰ ਵੀ ਆਪਣੀ ਸੁੰਡ ਨਾਲ ਚੁੱਕ ਸਕਦਾ ਹੈ। ਬੱਚਿਓ ! ਹਾਥੀ ਇੱਕ ਸ਼ਾਕਾਹਾਰੀ ਜੀਵ ਹੈ।

ਇਹ ਦਰੱਖਤਾਂ ਦੇ ਪੱਤੇ , ਬਾਂਸ ਦੀਆਂ ਪੱਤੀਆਂ , ਫਲ਼ , ਫੁੱਲ , ਜੰਗਲੀ ਬਨਸਪਤੀ , ਕਿੱਕਰ ਦੀ ਛਿੱਲ , ਗੰਨਾ , ਕੇਲੇ , ਮੁਲਾਇਮ ਘਾਹ ਆਦਿ ਖਾ ਕੇ ਗੁਜ਼ਾਰਾ ਕਰਦਾ ਹੈ। ਹਾਥੀ ਭੋਜਨ – ਪਾਣੀ ਦੀ ਖੋਜ ਵਿਚ ਪਰਵਾਸ ਵੀ ਕਰਦਾ ਹੈ। ਕਹਿੰਦੇ ਹਨ ਕਿ ਚੌਵੀ ਘੰਟਿਆਂ ਵਿੱਚੋਂ ਲਗਭਗ ਸੋਲ਼ਾਂ ਘੰਟੇ ਹਾਥੀ ਆਪਣੇ ਭੋਜਨ ਦੀ ਤਲਾਸ਼ ਵਿੱਚ ਲੱਗਿਆ ਰਹਿੰਦਾ ਹੈ। ਇਹ ਇੱਕ ਦਿਨ ਵਿੱਚ ਸੌ ਲੀਟਰ ਪਾਣੀ ਪੀ ਸਕਦਾ ਹੈ ਅਤੇ ਇੱਕ ਸੌ ਕਿਲੋਗਰਾਮ ਤੋਂ ਡੇਢ ਸੌ ਕਿਲੋਗ੍ਰਾਮ ਤੱਕ ਭੋਜਨ ਕਰਦਾ ਹੈ। ਇਸ ਦਾ ਬਹੁਤ ਜ਼ਿਆਦਾ ਸਮਾਂ ਭੋਜਨ ਦੀ ਭਾਲ ਵਿੱਚ ਹੀ ਬਤੀਤ ਹੁੰਦਾ ਹੈ। ਹਾਥੀ ਇੱਕ ਅਜਿਹਾ ਜੀਵ ਹੈ ਜੋ ਕੇਵਲ ਇਕਾਂਤ ਵਿੱਚ ਹੀ ਪਾਣੀ ਪੀਂਦਾ ਹੈ। ਹਾਥੀ ਦੀ ਦੇਖਣ – ਸੁਣਨ ਦੀ ਸ਼ਕਤੀ ਤਾਂ ਸਧਾਰਨ ਹੁੰਦੀ ਹੈ , ਪਰੰਤੂ ਇਸ ਦੀ ਸੁੰਘਣ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਲਗਭਗ ਇੱਕ ਕਿਲੋਮੀਟਰ ਦੂਰ ਤੋਂ ਹੀ ਇਹ ਮਨੁੱਖ ਜਾਂ ਹੋਰ ਜੀਵ ਦੀ ਗੰਧ ਪਛਾਣ ਲੈਂਦਾ ਹੈ।

ਹਾਥੀ ਆਪਣੇ ਪੈਰਾਂ ਦੀ ਵਰਤੋਂ ਸੁਣਨ ਲਈ ਵੀ ਕਰਦਾ ਹੈ। ਹਾਥੀ ਦੇ ਬਾਹਰੀ ਦੰਦਾਂ ਨੂੰ ‘ ਗਜ਼ ਦੰਦ ‘ ਕਹਿੰਦੇ ਹਨ , ਜੋ ਕਿ ਗਿਣਤੀ ਵਿੱਚ ਦੋ ਹੁੰਦੇ ਹਨ।ਇਨ੍ਹਾਂ ਦੰਦਾਂ ਨਾਲ ਹਾਥੀ ਆਪਣੀ ਰੱਖਿਆ ਕਰਦਾ ਹੈ। ਹਾਥੀ ਦਾ ਮੂੰਹ ਸੁੰਡ ਅਤੇ ਇਨ੍ਹਾਂ ਬਾਹਰੀ ਦੰਦਾਂ ਦੇ ਵਿਚਕਾਰ ਹੁੰਦਾ ਹੈ। ਉਸਦੇ ਖਾਣ ਵਾਲੇ ਦੰਦ ਲਗਪਗ ਚੌਵੀ ਤੋਂ ਅਠਾਈ ਤੱਕ ਹੁੰਦੇ ਹਨ। ਜਦੋਂ ਉਸ ਦੇ ਅਗਲੇ ਦੰਦ ਘਸ ਜਾਂਦੇ ਹਾਂ ਤਾਂ ਪਿਛਲੇ ਦੰਦ ਕ੍ਰਮਵਾਰ ਅੱਗੇ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਇਹ ਕ੍ਰਮ ਚੱਲਿਆ ਰਹਿੰਦਾ ਹੈ। ਅਖੀਰ ਲਗਪਗ ਸੱਠ – ਪੈਂਹਠ ਸਾਲ ਦੀ ਉਮਰ ਵਿੱਚ ਜਦੋਂ ਹਾਥੀ ਦੇ ਸਾਰੇ ਦੰਦ ਟੁੱਟ ਜਾਂਦੇ ਹਨ ਅਤੇ ਉਹ ਬੁੱਢਾ ਹੋ ਜਾਂਦਾ ਹੈ ਤਾਂ ਉਹ ਖਾਣ – ਪੀਣ ਤੋਂ ਲਾਚਾਰ ਹੋ ਜਾਂਦਾ ਹੈ ਤੇ ਉਸ ਦੀ ਮ੍ਰਿਤੂ ਹੋ ਜਾਂਦੀ ਹੈ।

ਹਾਥੀ ਪੇਂਟਿੰਗਜ਼ ਬਣਾਉਣ ਵਿੱਚ ਵੀ ਮਾਹਿਰ ਹੁੰਦੇ ਹਨ। ਕਈ ਹਾਥੀਆਂ ਦਾ ਇਹ ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ। ਲੰਮੇ ਪੈ ਕੇ ਸੌਣਾ ਹਾਥੀਆਂ ਨੂੰ ਜ਼ਿਆਦਾ ਪਸੰਦ ਨਹੀਂ ਹੁੰਦਾ। ਹਾਥੀ ਹਰ ਰੋਜ਼ ਨਹਾਉਂਦੇ ਹਨ। ਅਲੱਗ – ਅਲੱਗ ਥਾਵਾਂ ਤੇ ਦੇਸ਼ਾਂ ਦੇ ਹਾਥੀਆਂ ਵਿੱਚ ਕੱਦ – ਕਾਠ ਅਤੇ ਕਈ ਪੱਖੋਂ ਅੰਤਰ ਵੀ ਹੁੰਦਾ ਹੈ। ਬੱਚਿਓ ! ਪੁਰਾਣੇ ਸਮਿਆਂ ਵਿੱਚ ਹਾਥੀ ਨੂੰ ਸ਼ਾਹੀ ਸਵਾਰੀ ਵਜੋਂ ਵਰਤਿਆ ਜਾਂਦਾ ਸੀ।ਸ਼ੋਭਾ ਯਾਤਰਾ ਵਿੱਚ , ਸ਼ਿਕਾਰ ਕਰਨ ਲਈ ਤੇ ਸਰਕਸਾਂ ਵਿੱਚ ਵੀ ਹਾਥੀ ਦੀ ਖ਼ਾਸ ਅਹਿਮੀਅਤ ਹੁੰਦੀ ਸੀ। ਯੁੱਧ ਦੌਰਾਨ ਵੀ ਹਾਥੀ ਦੇ ਬਾਹਰੀ ਦੰਦਾਂ ਨਾਲ ਤਲਵਾਰਾਂ ਬੰਨ੍ਹ ਕੇ ਯੋਧੇ ਹਾਥੀ ਨੂੰ ਯੁੱਧ ਦੇ ਮੈਦਾਨ ਵਿੱਚ ਲੈ ਕੇ ਜਾਂਦੇ ਹੁੰਦੇ ਸਨ। ਕਦੇ ਹਾਥੀ ਰਾਜਿਆਂ ਦੀ ਸ਼ਾਹੀ ਠਾਠ – ਬਾਠ ਦਾ ਪ੍ਰਤੀਕ ਸਨ।

ਇਹ ਰਾਜਿਆਂ – ਮਹਾਰਾਜਿਆਂ , ਰਾਣੀਆਂ ਦੀ ਸਵਾਰੀ ਦਾ ਖ਼ਾਸ ਸਾਧਨ ਹੁੰਦਾ ਸੀ , ਪਰ ਸਮੇਂ ਦੇ ਨਾਲ – ਨਾਲ ਇਨ੍ਹਾਂ ਗੱਲਾਂ ਵਿੱਚ ਗਿਰਾਵਟ ਆ ਗਈ।ਬੱਚਿਓ ! ਸਿੱਕਮ ਵਿੱਚ ਸਫੈਦ ਰੰਗ ਦੇ ਹਾਥੀ ਦੇਖਣ ਨੂੰ ਮਿਲਦੇ ਹਨ। ਹਾਥੀ ਬਾਘ , ਮਧੂ – ਮੱਖੀਆਂ ਅਤੇ ਬੰਦੇ ਤੋਂ ਡਰਦਾ ਹੈ , ਪਰ ਇਹ ਸ਼ਾਂਤ ਅਤੇ ਸ਼ਰਮੀਲੇ ਸੁਭਾਅ ਵਾਲਾ ਪ੍ਰਾਣੀ ਹੈ। ਜਦੋਂ ਹਾਥੀ ਗੁੱਸੇ ਤੇ ਆਤੰਕ ਵਿੱਚ ਹੁੰਦਾ ਹੈ ਤਾਂ ਇਹ ਚਿੰਘਾੜਦਾ ਹੈ , ਉਸ ਸਮੇਂ ਇਹ ਆਪਣਾ ਸਿਰ ਉੱਚਾ ਕਰ ਲੈਂਦਾ ਹੈ , ਕੰਨ ਖੜ੍ਹੇ ਕਰ ਲੈਂਦਾ ਹੈ ਅਤੇ ਸੁੰਡ ਨੂੰ ਆਪਣੇ ਦੰਦਾਂ ਵਿਚਕਾਰ ਰੱਖ ਲੈਂਦਾ ਹੈ।ਗੁੱਸੇ ਵਿੱਚ ਆਈ ਹਥਣੀ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੀ ਹੈ।

ਹਾਥੀ ਇੱਕ ਅਜਿਹਾ ਜਾਨਵਰ ਹੈ , ਜਿਸ ਨੂੰ ਪਾਲਤੂ ਬਣਾਇਆ ਜਾ ਸਕਦਾ ਹੈ। ਹਾਥੀ ਦੀ ਉਮਰ ਲਗਪਗ ਸੱਤਰ ਸਾਲ ਹੁੰਦੀ ਹੈ। ਬੱਚਿਓ ! ਛੱਬੀ ਜਨਵਰੀ ਨੂੰ ਹੋਣਹਾਰ ਬੱਚਿਆਂ ਨੂੰ ਦਿੱਲੀ ਦੀ ਪਰੇਡ ਵਿਖੇ ਹਾਥੀ ‘ਤੇ ਬਿਠਾ ਕੇ ਸਨਮਾਨਿਤ ਕੀਤਾ ਜਾਂਦਾ ਹੈ। ਹਾਥੀ ਦਾ ਜ਼ਿਕਰ ਸਾਡੇ ਸਭਿਆਚਾਰ , ਸਾਡੇ ਅਖਾਣਾਂ , ਮੁਹਾਵਰਿਆਂ , ਫ਼ਿਲਮਾਂ ਆਦਿ ਵਿੱਚ ਵੀ ਹੋਇਆ ਮਿਲਦਾ ਹੈ। ਜਿਵੇਂ : ਮੁਹਾਵਰੇ – ਸਫੈਦ ਹਾਥੀ ਸਿੱਧ ਹੋਣਾ , ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ , ਹਾਥੀ ਲੰਘ ਗਿਆ ਤੇ ਪੂਛ ਰਹਿ ਗਈ , ਫ਼ਿਲਮਾਂ – ਹਾਥੀ ਮੇਰੇ ਸਾਥੀ ਆਦਿ ।

ਹਿੰਦੂ ਧਰਮ ਵਿਚ ਹਾਥੀ ਨੂੰ ਸ਼ਰਧਾ ਅਤੇ ਭਗਵਾਨ ਗਣੇਸ਼ ਜੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਕਈ ਲੋਕ ਆਪਣੇ ਬੱਚੇ ਨੂੰ ਹਾਥੀ ਦੀ ਸਵਾਰੀ ਕਰਵਾਉਣਾ ਸ਼ੁੱਭ ਸਮਝਦੇ ਹਨ।ਹਾਥੀ ਦੀ ਇੰਨੀ ਵਡਿਆਈ ਅਤੇ ਗੁਣ ਸਦਕਾ ਹਾਥੀ ਸਾਡੇ ਦੇਸ਼ ਦਾ ਵਿਰਾਸਤੀ ਜਾਨਵਰ ਹੈ ਅਤੇ ਇਹ ਉੜੀਸਾ , ਕੇਰਲ , ਝਾਰਖੰਡ ਤੇ ਕਰਨਾਟਕ ਰਾਜਾਂ ਦਾ ਰਾਜ – ਪਸ਼ੂ ਵੀ ਹੈ। ਬੱਚਿਓ ! ਹਾਥੀ ਨੂੰ ਬਚਾਉਣ ਲਈ ਅਨੇਕਾਂ ਸੰਸਥਾਵਾਂ ਨੇ ਜਾਗਰੂਕਤਾ ਮੁਹਿੰਮਾਂ ਵੀ ਸ਼ੁਰੂ ਕੀਤੀਆਂ ਅਤੇ ਇਸ ਦੇ ਤਹਿਤ ਹੀ ‘ਸੇਵ ਦਾ ਐਲੀਫੈਂਟ ਡੇਅ’ ਮਨਾਇਆ ਜਾਣ ਲੱਗਾ।ਭਾਵੇਂ ਕਿ ਅੱਜ ਤਕਨੀਕੀ ਯੁੱਗ ਹੋਣ ਕਰਕੇ ਹਾਥੀ ਦੀ ਵਰਤੋਂ ਕੰਮਾਂ ਕਾਜਾਂ ਜਾਂ ਸਵਾਰੀ ਲਈ ਘੱਟ ਕੀਤੀ ਜਾਂਦੀ ਹੈ , ਪਰ ਇਸ ਦੀ ਸਵਾਰੀ ਕਰਨਾ ਅੱਜ ਵੀ ਰੋਮਾਂਚ ਨਾਲ ਭਰਿਆ ਅਨੁਭਵ ਹੁੰਦਾ ਹੈ।

ਮਾਸਟਰ ਸੰਜੀਵ ਧਰਮਾਣੀ

ਸ੍ਰੀ ਅਨੰਦਪੁਰ ਸਾਹਿਬ
9478561356.

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਕਰਮਚਾਰੀਆਂ ਨੇ ਕਾਲੀਆਂ ਪੱਟੀਆਂ ਬੰਨ ਕੇ ਡਿਊਟੀ ਕੀਤੀ
Next articleਐਸ. ਸੀ./ਬੀ. ਸੀ. ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਨੇ ਡੀ. ਸੀ ਨੂੰ ਦਿੱਤਾ ਮੰਗ ਪੱਤਰ