ਗਊਕੁਸ਼ੀ ਦੀ ਆੜ ਹੇਠ ਭੜਕੀ ਭੀੜ ਵਲੋਂ ਇਕ ਪੁਲੀਸ ਇੰਸਪੈਕਟਰ ਤੇ ਇਕ ਰਾਹਗੀਰ ਦੀ ਹੱਤਿਆ ਦੇ ਦੋਸ਼ ਹੇਠ ਪੁਲੀਸ ਨੇ ਅੱਜ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮ੍ਰਿਤਕਾਂ ਦੇ ਪਰਿਵਾਰਾਂ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਕੱਲ੍ਹ ਦਿਨ ਦਿਹਾੜੇ ਹੋਈਆਂ ਹਿੰਸਾ ਦੀਆਂ ਘਟਨਾਵਾਂ ਵਿਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਤੇ 20 ਸਾਲ ਦੇ ਸੁਮਿਤ ਦੀ ਹੱਤਿਆ ਕਰ ਦਿੱਤੀ ਗਈ ਸੀ। ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪੁਲੀਸ ਅਫ਼ਸਰਾਂ ਨੇ ਅੱਜ ਦੱਸਿਆ ਕਿ ਐਫਆਈਆਰ ਵਿਚ 27 ਵਿਅਕਤੀਆਂ ਦੇ ਨਾਂ ਦਰਜ ਕੀਤੇ ਗਏ ਹਨ ਜਿਨ੍ਹਾਂ ’ਚੋਂ ਘੱਟੋ ਘੱਟ ਚਾਰ ਬਜਰੰਗ ਦਲ ਤੇ ਕੁਝ ਹੋਰ ਕੱਟੜ ਹਿੰਦੂ ਜਥੇਬੰਦੀਆਂ ਦੇ ਕਾਰਕੁਨ ਹਨ। ਮੁੱਖ ਮੁਲਜ਼ਮ ਬਜਰੰਗ ਦਲ ਦਾ ਜ਼ਿਲਾ ਕਨਵੀਨਰ ਯੋਗੇਸ਼ ਰਾਜ ਅਜੇ ਫ਼ਰਾਰ ਦੱਸਿਆ ਜਾਂਦਾ ਹੈ। ਏਡੀਜੀਪੀ ਅਮਨ ਕਾਨੂੰਨ ਆਨੰਦ ਕੁਮਾਰ ਨੇ ਦੱਸਿਆ ਕਿ ਸੁਬੋਧ ਕੁਮਾਰ ਸਿੰਘ ਸਿਆਨਾ ਪੁਲੀਸ ਸਟੇਸ਼ਨ ਵਿ਼ਚ ਤਾਇਨਾਤ ਸਨ ਤੇ ਉਨ੍ਹਾਂ ਦੀ ਦੇਹ ’ਤੇ ਮੋਟੇ ਤੇ ਭਾਰੇ ਹਥਿਆਰਾਂ ਦੀਆਂ ਸੱਟਾਂ ਦੇ ਵੀ ਨਿਸ਼ਾਨ ਸਨ। ਬੁਲੰਦਸ਼ਹਿਰ ਦੇ ਭਾਜਪਾ ਵਿਧਾਇਕ ਦੇਵੇਂਦਰ ਲੋਧੀ ਨੇ ਦੋਸ਼ ਲਾਇਆ ਕਿ ਜ਼ਿਲਾ ਪ੍ਰਸ਼ਾਸਨ ਤੇ ਪੁਲੀਸ ਮਾਮਲੇ ਨੂੰ ਠੀਕ ਢੰਗ ਨਾਲ ਸੰਭਾਲ ਨਹੀਂ ਸਕੀ।ਏਡੀਜੀ (ਮੇਰਠ ਜ਼ੋਨ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਮਹਾਅ ਪਿੰਡ ਦੇ ਨੇੜੇ ਜੰਗਲ ਵਿਚ ਪਸ਼ੂ ਦੇ ਅੰਗ ਪਏ ਸਨ ਜਿਸਤੋਂ ਆਸ ਪਾਸ ਦੇ ਕੁਝ ਪਿੰਡਾਂ ਤੋਂ ਆਏ ਮੁਜ਼ਾਹਰਾਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ ਤੇ ਬਹੁਤ ਸਾਰੇ ਵਾਹਨਾਂ ਤੇ ਚਿੰਗਾਰਵਤੀ ਪੁਲੀਸ ਚੌਕੀ ਨੂੰ ਅੱਗ ਲਗਾ ਦਿੱਤੀ। ਸੋਸ਼ਲ ਮੀਡੀਆ ’ਤੇ ਇਕ ਵੀਡਿਓ ਵੀ ਵਾਇਰਲ ਹੋਈ ਹੈ ਜਿਸ ਵਿਚ ਇਕ ਗੱਡੀ ’ਚੋਂ ਬਾਹਰ ਲਟਕ ਰਹੀ ਇਕ ਪੁਲੀਸ ਅਫ਼ਸਰ ਦੀ ਲਾਸ਼ ਤੇ ਉਸ ਦੇ ਲਾਗੇ ਕੁਝ ਲੋਕ ਨਜ਼ਰ ਆ ਰਹੇ ਹਨ। ਮੁਲਜ਼ਮਾਂ ਖ਼ਿਲਾਫ਼ ਦੰਗਾ, ਹੱਤਿਆ ਤੇ ਕਾਤਲਾਨਾ ਹਮਲੇ ਦੀਆਂ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ। ਇਸ ਦੌਰਾਨ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਾਜ ਸਰਕਾਰ ਤੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੌਰਾਨ ਲਖਨਊ ਦੇ ਮਹਾਨਗਰ ਵਿਚ ਅੱਜ ਭਾਰਤੀ ਜਨਤਾ ਯੁਵਾ ਮੋਰਚਾ ਦੇ ਇਕ ਆਗੂ ਪ੍ਰਤਿਊਸ਼ ਮਣੀ ਤ੍ਰਿਪਾਠੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
HOME ਬੁਲੰਦਸ਼ਹਿਰ ਹਿੰਸਾ ਦੇ ਦੋਸ਼ ਹੇਠ 4 ਗ੍ਰਿਫ਼ਤਾਰ