ਅਗਸਤਾ ਵੈਸਟਲੈਂਡ ਸੌਦੇ ਦਾ ਵਿਚੋਲੀਆ ਮਿਸ਼ੇਲ ਭਾਰਤ ਲਿਆਂਦਾ

ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ’ਚ ਕਥਿਤ ਵਿਚੋਲੀਏ ਕ੍ਰਿਸਚੀਅਨ ਜੇਮਜ਼ ਮਿਸ਼ੇਲ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ਤਹਿਤ ਭਾਰਤ ਲਿਆਂਦਾ ਗਿਆ ਹੈ। ਸੀਬੀਆਈ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਹ ਕਾਰਵਾਈ ਉੱਚ ਪੱਧਰ ਉੱਤੇ ਚੱਲੀ। ਇੱਕ ਪ੍ਰਾਈਵੇਟ ਜਹਾਜ਼ ਰਾਤ 11 ਵਜੇ ਉਸਨੂੰ ਲੈ ਨਵੀਂ ਦਿੱਲੀ ਪੁੱਜਾ। ਦੁਬਈ ਤੋਂ ਮਿਸ਼ੇਲ ਨੂੰ ਲਿਆਉਣ ਲਈ ਇਸ ਮੁਹਿੰਮ ਦੇ ਕੋਆਰਡੀਨੇਟਰ ਸੀਬੀਆਈ ਦੇ ਅੰਤਰਿਮ ਡਾਇਰੈਕਟਰ ਐੱਮ ਨਾਗੇਸ਼ਵਰ ਰਾਓ ਹਨ। ਜੁਆਇੰਟ ਡਾਇਰੈਕਟਰ ਸਾਈ ਮਨੋਹਰ ਦੀ ਅਗਵਾਈ ਹੇਠਲੀ ਅਧਿਕਾਰੀਆਂ ਦੀ ਟੀਮ ਦੁਬਈ ਵਿੱਚ ਗਈ ਸੀ। ਅਮੀਰਾਤ ਸਰਕਾਰ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਕਦਮ ਖ਼ਿਲਾਫ਼ ਕੀਤੀ ਮਿਸ਼ੇਲ ਵੱਲੋਂ ਕੀਤੀ ਗਈ ਅਪੀਲ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਮਿਸ਼ੇਲ (67) ਦੁਬਈ ’ਚ ਆਪਣੀ ਗ੍ਰਿਫ਼ਤਾਰੀ ਮਗਰੋਂ ਜੇਲ੍ਹ ’ਚ ਸੀ। ਸੀਬੀਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਇੱਥੇ ਦੱਸਿਆ ਕਿ ਮਿਸ਼ੇਲ ਨੇ ਸਾਥੀ ਸਰਕਾਰੀ ਮੁਲਜ਼ਮਾਂ ਨਾਲ ਮਿਲ ਅਪਰਾਧਿਕ ਸਾਜ਼ਿਸ਼ ਰਚੀ। ਇਸ ਤਹਿਤ ਸਰਕਾਰੀ ਅਧਿਕਾਰੀਆਂ ਨੇ ਵੀਵੀਆਈਪੀ ਹੈਲੀਕਾਪਟਰ ਦੀ ਉਡਾਣ ਭਰਨ ਦੀ ਉਚਾਈ 6000 ਮੀਟਰ ਤੋਂ ਘਟਾ ਕੇ 4500 ਮੀਟਰ ਕਰਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਭਾਰਤ ਸਰਕਾਰ ਨੇ ਅੱਠ ਫਰਵਰੀ 2010 ਨੂੰ ਰੱਖਿਆ ਮੰਤਰਾਲੇ ਰਾਹੀਂ ਬਰਤਾਨੀਆ ਅਗਸਤਾ ਵੈਸਟਲੈਂਡ ਇੰਟਰਨੈਸ਼ਨਲ ਨੂੰ ਤਕਰੀਬਨ 55.62 ਕਰੋੜ ਯੂਰੋ ਦਾ ਠੇਕਾ ਹੈਲੀਕਾਪਟਰਾਂ ਦੀ ਖਰੀਦ ਲਈ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਿਸ਼ੇਲ ਇਸ ਮਾਮਲੇ ’ਚ ਭਾਰਤ ’ਚ ਅਧਰਾਧਿਕ ਕਾਰਵਾਈ ਤੋਂ ਬਚ ਰਿਹਾ ਸੀ। ਉਹ ਭਾਰਤ ਦਾ ਭਗੌੜਾ ਸੀ। ਉਸਦੀ ਸ਼ਮੂਲੀਅਤ 2012 ਵਿਚ ਸਾਹਮਣੇ ਆਈ ਸੀ। ਉਸ ਨੇ ਭਾਰਤੀ ਅਧਿਕਾਰੀਆਂ ਨੂੰ ਗੈਰਕਾਨੂੰਨੀ ਕਮਿਸ਼ਨ ਦੇਣ ਵਿਚ ਗੁਪਤ ਭੁਮਿਕਾ ਅਦਾ ਕੀਤੀ ਦੱਸੀ ਜਾਂਦੀ ਹੈ। ਉਹ ਕੰਪਨੀ ਨਾਲ 1980 ਤੋਂ ਹੀ ਜੁੜਿਆ ਹੋਇਆ ਸੀ। ਉਸ ਵਿਰੁੱਧ ਨਵੀਂ ਦਿੱਲੀ ਦੀ ਸੀਬੀਆਈ ਅਦਾਲਤ ਨੇ ਗੈਰਜ਼ਮਾਨਤੀ ਵਰੰਟ ਜਾਰੀ ਕੀਤਾ ਹੋਇਆ ਸੀ।

Previous article‘ਭਗਵਾਨ ਹਨੂਮਾਨ ‘ਮਨੂਵਾਦੀ’ ਲੋਕਾਂ ਦਾ ਗ਼ੁਲਾਮ ਸੀ’
Next articleਬੁਲੰਦਸ਼ਹਿਰ ਹਿੰਸਾ ਦੇ ਦੋਸ਼ ਹੇਠ 4 ਗ੍ਰਿਫ਼ਤਾਰ