ਜ਼ਿੰਦਗੀ ਦੀ ਬੁਨਿਆਦ ਰਿਸ਼ਤਿਆਂ ‘ਤੇ ਟਿਕੀ ਹੋਈ ਹੈ। ਇਹ ਰਿਸ਼ਤੇ ਹੀ ਹਨ ਜੋ ਇੱਕ – ਦੂਸਰੇ ਦੀ ਪਰਵਾਹ ਕਰਨਾ ਸਿਖਾਉਂਦੇ ਹਨ। ਜੇਕਰ ਦੁਨੀਆਂ ਵਿੱਚ ਰਿਸ਼ਤੇ ਨਾ ਹੁੰਦੇ ਤਾਂ ਸਾਡੇ ਕੋਲ਼ ਕੋਮਲ – ਭਾਵਨਾਵਾਂ ਤੇ ਅਹਿਸਾਸ ਨਾ ਹੁੰਦੇ, ਨਾ ਕਲਪਨਾ ਦੀ ਕੋਈ ਉਡਾਰੀ ਹੁੰਦੀ। ਅਜਿਹੀਆਂ ਭਾਵਨਾਵਾਂ – ਵਿਹੂਣੀ ਜ਼ਿੰਦਗੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਨਾ ਬਣਨ ਦਿੰਦੀ ਤੇ ਕਿਸੇ ਨੂੰ ਕਿਸੇ ਨਾਲ ਕੋਈ ਲਗਾਓ, ਫਿਕਰ, ਪਿਆਰ, ਮੁਹੱਬਤ ਤੇ ਪ੍ਰਵਾਹ ਨਾ ਹੁੰਦੀ।
ਰਿਸ਼ਤਿਆਂ ਦੀ ਨਾਜ਼ੁਕ ਡੋਰ ਹੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਬਣਾ ਕੇ ਉਸ ਦੇ ਜੀਵਨ ਨੂੰ ਸੁਖਾਲਾ ਬਣਾਉਂਦੀ ਹੈ। ਰਿਸ਼ਤਿਆਂ ਦੀਆਂ ਕੋਮਲ ਤੰਦਾਂ ਸਦਕਾ ਹੀ ਮਨੁੱਖ, ਮਨੁੱਖ ਬਣਿਆ ਰਹਿੰਦਾ ਹੈ। ਇਹਨਾਂ ਮਹਿਕਦੇ ਰਿਸ਼ਤਿਆਂ ਨੇ ਹੀ ਸਾਡਾ ਜੀਵਨ ਰੁਸ਼ਨਾਇਆ ਹੋਇਆ ਹੈ। ਰਿਸ਼ਤਿਆਂ ਦੇ ਸੁੱਚੇ ਮੋਤੀਆਂ ਵਿੱਚ ਨੂੰਹ – ਸੱਸ ਦਾ ਰਿਸ਼ਤਾ ਬਹੁਤ ਅਹਿਮ ਤੇ ਘਰ ਦੀ ਬੁਨਿਆਦ ਸਮਝਿਆ ਜਾਣ ਵਾਲਾ ਰਿਸ਼ਤਾ ਹੈ। ਲੜਕੀ ਜਦੋਂ ਪੇਕੇ – ਘਰ ਤੋਂ ਵਿਆਹ ਹੋ ਕੇ ਸਹੁਰੇ – ਘਰ ਜਾਂਦੀ ਹੈ ਤਾਂ ਉਸ ਲਈ ਇੱਕ ਨਵਾਂ ਜਨਮ ਹੁੰਦਾ ਹੈ, ਉਸ ਲਈ ਮਾਪਿਆਂ ਦਾ ਘਰ ਹੁਣ ਪਰਾਇਆ ਹੋ ਜਾਂਦਾ ਹੈ ਤੇ ਸਹੁਰਾ – ਘਰ ਹੀ ਉਸ ਦਾ ਅਸਲ ਘਰ ਬਣ ਜਾਂਦਾ ਹੈ।ਇਹ ਇੱਕ ਵਚਿੱਤਰ ਸਮਾਜਿਕ – ਦੁਨਿਆਵੀ ਘਟਨਾ ਇੱਕ ਲੜਕੀ ਦੇ ਜੀਵਨ ਵਿੱਚ ਘਟਦੀ ਹੈ, ਜੋ ਕਿ ਉਸ ਦੇ ਜੀਵਨ ਦੀ ਬਹੁਤ ਵੱਡੀ, ਅਹਿਮ, ਭਵਿੱਖਤ, ਕੌੜੀ – ਕੁਸੈਲੀ ਤੇ ਤਬਦੀਲੀਦਾਇਕ ਘਟਨਾ ਤੇ ਜ਼ਿੰਦਗੀ ਦਾ ਮੋੜ ਹੁੰਦਾ ਹੈ। ਸਹੁਰੇ ਘਰ ਵਿੱਚ ਆ ਕੇ ਉਸ ਲਈ ਤੇ ਉਸਦੇ ਸਹੁਰੇ ਪਰਿਵਾਰ ਲਈ ਕਈ ਨਵੇਂ ਰਿਸ਼ਤਿਆਂ ਦਾ ਜਨਮ ਹੁੰਦਾ ਹੈ ਅਤੇ ਇਹ ਰਿਸ਼ਤੇ ਉਸ ਦੀ ਜ਼ਿੰਦਗੀ ਦਾ ਆਧਾਰ ਬਣ ਜਾਂਦੇ ਹਨ।
ਇਹਨਾਂ ਰਿਸ਼ਤਿਆਂ ਵਿੱਚ ਇੱਕ ਪ੍ਰਮੁੱਖ ਰਿਸ਼ਤਾ ਹੈ : ਨੂੰਹ ਤੇ ਸੱਸ ਦਾ ਰਿਸ਼ਤਾ। ਪਰਿਵਾਰਕ ਤੇ ਸਮਾਜਿਕ ਨਜ਼ਰੀਏ ਤੋਂ ਇਹ ਨਾਜ਼ੁਕ ਤੇ ਸ਼ਿਸ਼ਟਤਾ ਭਰਿਆ ਰਿਸ਼ਤਾ ਹੈ, ਜੋ ਸਮੁੱਚੇ ਪਰਿਵਾਰ ਦੀ ਤਰੱਕੀ, ਸ਼ਾਂਤੀ, ਉੱਨਤੀ, ਏਕਤਾ ਤੇ ਆਪਸੀ ਪਿਆਰ ਦੀ ਬੁਨਿਆਦ ਹੋ ਨਿੱਬੜਦਾ ਹੈ, ਪਰ ਕਈ ਵਾਰ ਛੋਟੇ ਜਿਹੇ ਮੱਤਭੇਦ ਜਾਂ ਮਨ – ਮੁਟਾਵ ਤੇ ਗ਼ਲਤ – ਫਹਿਮੀ ਕਰਕੇ ਇਸ ਅਹਿਮ ਤੇ ਪਵਿੱਤਰ ਰਿਸ਼ਤੇ ਦੇ ਅਹਿਸਾਸਾਂ ਅਤੇ ਸੰਬੰਧਾਂ ‘ਤੇ ਭਰਮ – ਭੁਲੇਖਿਆਂ ਤੇ ਕੁੜੱਤਣ ਦੀ ਧੂੜ ਜੰਮ ਜਾਂਦੀ ਹੈ, ਜੋ ਕਿ ਪਰਿਵਾਰਕ ਸਾਂਝ, ਪਿਆਰ, ਏਕੇ, ਅਖੰਡਤਾ, ਸਮਰਪਣ ਭਾਵਨਾ, ਸੁਹਿਰਦਤਾ ਤੇ ਕੋਮਲ ਭਾਵਨਾਵਾਂ ਨੂੰ ਖੰਡਿਤ ਕਰਨ ਲੱਗ ਜਾਂਦੀ ਹੈ।ਇਸ ਵਿਕਟ ਸਥਿਤੀ ਤੋਂ ਬਚਣ ਲਈ ਦੋਵਾਂ ਰਿਸ਼ਤਿਆਂ ( ਨੂੰਹ ਅਤੇ ਸੱਸ ) ਨੂੰ ਆਪਸੀ ਪਿਆਰ – ਮੁਹੱਬਤ ਅਤੇ ਸੌਹਾਰਦ ਭਰਪੂਰ ਵਿਹਾਰ ਬਣਾਈ ਰੱਖਣ ਲਈ ਆਪਸ ਵਿੱਚ ਛੋਟੀ ਤੋਂ ਛੋਟੀ ਗੱਲ ਨੂੰ ਸਾਂਝਾ ਕਰਨਾ ਚਾਹੀਦਾ ਹੈ, ਮਨ – ਮੁਟਾਵ ਆਪਸ ਵਿੱਚ ਦੂਰ ਕਰ ਲੈਣੇ ਚਾਹੀਦੇ ਹਨ, ਕਿਸੇ ਤਰ੍ਹਾਂ ਦੇ ਗਿਲੇ – ਸ਼ਿਕਵੇ ਮਨ ਵਿੱਚ ਦਬਾ ਕੇ ਨਹੀਂ ਰੱਖਣੇ ਚਾਹੀਦੇ, ਨਵੀਂ – ਨਵੇਲੀ ਦੁਲਹਨ ਨੂੰ ਆਪਣੇ ਘਰ ਦੀ ਹਰ ਛੋਟੀ – ਵੱਡੀ ਗੱਲ, ਸੁਭਾਅ, ਰੁਚੀ, ਭਾਵਨਾ, ਪਸੰਦ, ਨਾ – ਪਸੰਦ, ਵਿਸ਼ਵਾਸ, ਰਹਿਣ – ਸਹਿਣ, ਵਰਤੋਂ – ਵਿਹਾਰ ਆਦਿ ਬਾਰੇ ਜਾਣੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਨੂੰਹ ਨੂੰ ਵੀ ਚਾਹੀਦਾ ਹੈ ਕਿ ਉਹ ਪਰਿਵਾਰ ਦੇ ਸਾਰੇ ਜੀਆਂ ਦਾ ਯਥਾਯੋਗ ਸਤਿਕਾਰ ਕਰੇ, ਚੰਗੀ ਸੇਧ ਨੂੰ ਅਪਣਾਉਣ ਤੋਂ ਗੁਰੇਜ਼ ਨਾ ਕਰੇ, ਸ਼ੰਕਾ ਦੀ ਸਥਿਤੀ ਸਮੇਂ ਪਰਿਵਾਰ ਤੇ ਸੱਸ – ਮਾਤਾ ਦੀ ਸਲਾਹ ਲੈ ਲਵੇ।ਸੱਸ – ਨੂੰਹ ਦੇ ਰਿਸ਼ਤੇ ਦੀ ਪਰਿਵਾਰਕ ਬੁਨਿਆਦ ਨੂੰ ਮਜ਼ਬੂਤ, ਭਰੋਸੇਯੋਗ ਤੇ ਚਿਰ – ਸਥਾਈ ਰੱਖਣ ਲਈ ਦੋਵਾਂ (ਸੱਸ ਤੇ ਨੂੰਹ ) ਨੂੰ ਆਪਸ ਵਿੱਚ ਚੰਗੀਆਂ ਗੱਲਾਂ ਨੂੰ ਵੀ ਸਾਂਝਾ ਕਰਦੇ ਰਹਿਣਾ ਚਾਹੀਦਾ ਹੈ।
ਦੋਵੇਂ ਰਿਸ਼ਤਿਆਂ ਵਿੱਚ ਪਿਛੋਕੜ ਤੌਰ ‘ਤੇ ਪਰਿਵਾਰਕ ਵਖਰੇਵਾਂ ਹੁੰਦਾ ਹੈ, ਇਸ ਵਿਚਾਰਧਾਰਕ ਅਤੇ ਸੋਚ ਦੇ ਵਖਰੇਵੇਂ ਦੀ ਖਾਈ ਨੂੰ ਪੂਰਨ ਲਈ ਕੁੱਝ ਸਮਾਂ ਜ਼ਰੂਰ ਲੱਗ ਜਾਂਦਾ ਹੈ। ਇਸ ਦੇ ਲਈ ਸਕਾਰਾਤਮਕ, ਸਾਰਥਕ ਤੇ ਉਚੇਚੇ – ਨਜ਼ਰੀਏ ਨੂੰ ਅਪਣਾਉਂਦੇ ਹੋਏ, ਆਪਸੀ ਵਿਅਕਤੀਗਤ ਅਤੇ ਪਰਿਵਾਰਕ ਮੱਤਭੇਦਾਂ, ਵਿਚਾਰਾਂ, ਸੋਚ, ਰਹਿਣੀ – ਬਹਿਣੀ ਅਤੇ ਦਿਨ – ਚਰਿਆ ਅਤੇ ਵਰਤੋ – ਵਿਹਾਰ ਨੂੰ ਸਾਂਝਾ ਕਰਨਾ, ਸਮਝਣਾ ਤੇ ਉਸ ਵਿੱਚ ਯਥਾਸੰਭਵ ਲੋੜੀਂਦਾ ਬਦਲਾਓ ਲਿਆਉਣ ਲਈ ਆਨਾਕਾਨੀ ਨਹੀਂ ਕਰਨੀ ਚਾਹੀਦੀ, ਸਗੋਂ ਤੱਤਪਰ ਰਹਿਣਾ ਚਾਹੀਦਾ ਹੈ। ਨੂੰਹ ਨੂੰ ” ਧੀ – ਵਰਗੀ ” ਦੀ ਥਾਂ ‘ਤੇ ” ਧੀ ” ਅਤੇ ਸੱਸ ਨੂੰ ਸੱਸ ਦੇ ਸਥਾਨ ‘ਤੇ “ਮਾਂ ” ਸਮਝਿਆ ਜਾਣਾ, ਅਪਣਾਉਣਾ, ਉਸ ਅਨੁਸਾਰ ਆਚਰਣ ਕਰਨਾ ਤੇ ਵਿਚਰਨਾ ਹੀ ਸਹੀ ਹੋ ਸਕਦਾ ਹੈ ਅਤੇ ਸੱਸ – ਨੂੰਹ ਜਾਂ ਨੂੰਹ – ਸੱਸ ਦਾ ਰਿਸ਼ਤਾ ਨਾ ਹੋ ਕੇ, ਘਰੇਲੂ ਬੁਨਿਆਦਕ ਰਿਸ਼ਤਾ ” ਮਾਂ – ਧੀ ” ਦਾ ਰਿਸ਼ਤਾ ਬਣ ਸਕਦਾ ਹੈ, ਜੋ ਕਿ ਪਰਿਵਾਰਕ, ਸਮਾਜਿਕ ਤੇ ਵਿਅਕਤੀਗਤ ਤੌਰ ‘ਤੇ ਸੁੱਖ, ਸ਼ਾਂਤੀ, ਸਮ੍ਰਿੱਧੀ, ਤਰੱਕੀ, ਖੁਸ਼ੀ, ਖੁਸ਼ਹਾਲੀ ਤੇ ਏਕੇ ਦਾ ਪ੍ਰਤੀਕ ਹੋ ਕੇ ਸਕੇਗਾ, ਜੋ ਕਿ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜੇਗੀ। ਇਸ ਬਾਰੇ ਕਿਸੇ ਨੇ ਕਿਹਾ ਵੀ ਹੈ :