ਮੌਲੀਜੱਗਰਾਂ ਕੰਪਲੈਕਸ ਵਿਚ ਇਕ ਨੌਜਵਾਨ ਨੂੰ 19 ਸਾਲਾਂ ਦੇ ਲੜਕੇ ਨੇ ਬੀਅਰ ਦੀ ਬੋਤਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਘਟਨਾ ’ਚ ਉਸ ਦਾ ਦੋਸਤ ਵੀ ਸ਼ਾਮਲ ਸੀ। ਪੁਲੀਸ ਨੇ ਕਤਲ ਦੇ ਇਸ ਮਾਮਲੇ ਵਿਚ ਮੌਲੀਜੱਗਰਾਂ ਕੰਪਲੈਕਸ ਦੇ ਦੀਪਕ ਤੇ ਸੰਨੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਐੱਸਪੀ (ਹੈੱਡਕੁਆਰਟਰ ਤੇ ਅਪਰੇਸ਼ਨ) ਵਿਨੀਤ ਕੁਮਾਰ, ਐੱਸਪੀ (ਸਿਟੀ) ਨਿਹਾਰਿਕਾ ਭੱਟ, ਡੀਐਸਪੀ (ਪੂਰਬ) ਦਿਲਸ਼ੇਰ ਸਿੰਘ ਚੰਦੇਲ ਅਤੇ ਡੀਐੱਸਪੀ (ਅਪਰਾਧ ਸ਼ਾਖਾ) ਰਾਜੀਵ ਅੰਬਸਟਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੌਲੀਜੱਗਰਾਂ ਕੰਪਲੈਕਸ ਦੇ ਸਤੀਸ਼ ਅਤੇ ਸਬੇਦ 13 ਜੁਲਾਈ ਦੀ ਸ਼ਾਮ ਨੂੰ ਕਲੋਨੀ ਵਿਚਲੇ ਪਾਰਕ ’ਚ ਘੁੰਮਣ ਗਏ ਸਨ। ਉਥੇ ਦੀਪਕ ਤੇ ਸੰਨੀ ਵੀ ਬੈਠੇ ਸਨ। ਦੀਪਕ ਉਸ ਵੇਲੇ ਉਥੇ ਬੀਅਰ ਪੀ ਰਿਹਾ ਸੀ। ਪੁਲੀਸ ਅਨੁਸਾਰ ਇਸੇ ਦੌਰਾਨ ਦੀਪਕ ਨੇ ਸਤੀਸ਼ ਨੂੰ ਕਿਹਾ ਕਿ ਤੂੰ ਕਲੋਨੀ ਵਿਚ ਮੌਜ-ਮਸਤੀ ਕਰਨ ਆਇਆ ਹੈਂ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਗਰਮਾਗਰਮੀ ਹੋ ਗਈ ਅਤੇ ਗੱਲ ਗਾਲੀ ਗਲੌਚ ਤਕ ਪੁੱਜ ਗਈ। ਦੀਪਕ ਨੇ ਸਤੀਸ਼ ਦੀ ਕਮੀਜ਼ ਦਾ ਕਾਲਰ ਫੜ ਲਿਆ ਤੇ ਸਤੀਸ਼ ਵੀ ਤੈਸ਼ ਵਿੱਚ ਆ ਗਿਆ। ਇਸ ਮਗਰੋਂ ਦੀਪਕ ਨੇ ਆਪਣੇ ਹੱਥ ਵਿਚ ਫੜੀ ਬੀਅਰ ਦੀ ਬੋਤਲ ਸਤੀਸ਼ ਦੇ ਸਿਰ ਵਿੱਚ ਮਾਰੀ। ਇਸ ਦੌਰਾਨ ਸਤੀਸ਼ ਦੇ ਹੱਥ ’ਤੇ ਵੀ ਸੱਟ ਲੱਗੀ। ਦੀਪਕ ਤੇ ਉਸ ਦਾ ਸਾਥੀ ਘਟਨਾ ਮਗਰੋਂ ਫਰਾਰ ਹੋ ਗਏ। ਇਸ ਤੋਂ ਬਾਅਦ ਸਤੀਸ਼ ਪੈਦਲ ਹੀ ਆਪਣੇ ਘਰ ਚਲਾ ਗਿਆ ਅਤੇ ਲੇਟ ਗਿਆ। ਇਸੇ ਦੌਰਾਨ ਉਸ ਦੇ ਭਰਾ ਜਤਿੰਦਰ ਕੁਮਾਰ ਨੇ ਸਤੀਸ਼ ਦੇ ਹੱਥ ਉਪਰ ਲੱਗੀ ਚੋਟ ਦੇਖੀ ਅਤੇ ਉਸ ਨੂੰ ਪੁੱਛਿਆ ਕਿ ਸੱਟ ਕਿਵੇਂ ਲੱਗੀ ਹੈ। ਫਿਰ ਸਤੀਸ਼ ਨੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਉਸ ਦੇ ਸਿਰ ਉਪਰ ਵੀ ਸੱਟ ਲੱਗੀ ਹੈ। ਸਤੀਸ਼ ਨੂੰ ਸੈਕਟਰ 6 ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ।
ਡੀਐੱਸਪੀ ਸ੍ਰੀ ਚੰਦੇਲ ਨੇ ਦੱਸਿਆ ਕਿ ਪੁਲੀਸ ਨੇ ਪਾਰਕ ਦੇ ਇਰਦ-ਗਿਰਦ ਵਾਲੀਆਂ ਗਲੀਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਅਤੇ ਇਕ ਕੈਮਰੇ ਵਿਚ ਮੁਲਜ਼ਮਾਂ ਬਾਰੇ ਜਾਣਕਾਰੀ ਮਿਲੀ। ਮੁਲਜ਼ਮਾਂ ਦੀ ਸ਼ਨਾਖਤ ਕਰਨ ਤੋਂ ਬਾਅਦ ਅੱਜ ਅਪਰਾਧ ਸ਼ਾਖਾ ਦੇ ਸਬ-ਇੰਸਪੈਕਟਰ ਸਤਵਿੰਦਰ ਸਿੰਘ ਨੇ ਦੀਪਕ ਅਤੇ ਇਸ ਘਟਨਾ ’ਚ ਸ਼ਾਮਲ ਸੰਨੀ ਨੂੰ ਗ੍ਰਿਫਤਾਰ ਕਰ ਲਿਆ।
INDIA ਬੀਅਰ ਦੀ ਬੋਤਲ ਮਾਰ ਕੇ ਹੱਤਿਆ; ਦੋ ਗ੍ਰਿਫ਼ਤਾਰ