ਇੰਡੋਨੇਸ਼ੀਆ ਦੇ ਬਾਲੀ ਟਾਪੂ ’ਚ ਭੂਚਾਲ

ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਟਾਪੂ ਬਾਲੀ ’ਚ ਇਕ ਜ਼ਬਰਦਸਤ ਭੂਚਾਲ ਆਉਣ ਨਾਲ ਹਾਹਾਕਾਰ ਮਚ ਗਈ। ਸੰਯੁਕਤ ਰਾਸ਼ਟਰ ਭੂ-ਵਿਗਿਆਨਿਕ ਦੇ ਸਰਵੇ ਅਨੁਸਾਰ ਭੂਚਾਨ ਆਉਣ ਨਾਲ ਸਥਾਨਕ ਇਲਾਕਾ ਵਾਸੀ ਆਪਣੇ ਘਰ ਬਾਰ ਛੱਡ ਕੇ ਭੱਜਣ ਲੱਗੇ ਅਤੇ ਭੂਚਾਲ ਇੰਨਾ ਭਿਆਨਕ ਸੀ ਕਿ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਯੂਐੱਸਜੀਐੱਸ ਦੇ ਮੁਤਾਬਕ ਭੂਚਾਲ ਦੀ ਤੀਬਰਤਾ 5.7 ਪਾਈ ਗਈ, ਜਿਸ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 7.18 ਵਜੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੈਨਪਸਾਰ ਦੀ ਰਹਿਣ ਵਾਲੀ ਕੋਮਾਂਗ ਸੁਡਾਇਨੀ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਦੇਖਭਾਲ ਕਰ ਰਹੀ ਸੀ ਕਿ ਉਸ ਨੂੰ ਜ਼ੋਰਦਾਰ ਝੱਟਕਾ ਲੱਗਾ ਤੇ ਉਹ ਤੁਰੰਤ ਘਰ ਦੇ ਬਾਹਰ ਨੂੰ ਭੱਜੀ ਅਤੇ ਉਸ ਨੇ ਘਰ ਦੇ ਬਾਹਰ ਆ ਕੇ ਦੇਖਿਆ ਕਿ ਲੋਕਾਂ ’ਚ ਪਹਿਲਾਂ ਤੋਂ ਹੀ ਹਾਹਾਕਾਰ ਮੱਚੀ ਹੋਈ ਸੀ। ਇੰਡੋਨੇਸ਼ੀਆ ਆਫ਼ਤ ਏਜੰਸੀ ਨੇ ਤਸਵੀਰਾਂ ਜਨਤਕ ਕਰਦਿਆਂ ਦਿਖਾਇਆ ਕਿ ਉਥੇ ਦੀਆਂ ਸਥਾਨਕ ਦੁਕਾਨਾਂ ਦਾ ਬਾਹਰਲਾ ਕੁਝ ਕੁ ਹਿੱਸਾ ਨੁਕਸਾਨਿਆ ਗਿਆ ਹੈ ਅਤੇ ਟਾਪੂ ’ਤੇ ਸਥਿਤ ਹਿੰਦੂ ਮੰਦਰਾਂ ਦਾ ਵੀ ਨੁਕਸਾਨ ਹੋਇਆ ਹੈ। ਭੂਚਾਲ ਅਤੇ ਸੂਨਾਮੀ ਏਜੰਸੀ ਦੇ ਮੁਖੀ ਰਹਿਮਤ ਟਰੀਯੋਨੋ ਨੇ ਦੱਸਿਆ ਕਿ ਮਿਲੀ ਰਿਪੋਰਟ ਅਨੁਸਾਰ ਛੱਤਾਂ ਦੀਆਂ ਟਾਇਲਾਂ, ਘਰਾਂ ਅਤੇ ਦਫ਼ਤਰਾਂ ਦੇ ਟੁੱਟੇ ਸ਼ੀਸ਼ਿਆਂ ਦੇ ਨੁਕਸਾਨ ਹੋਣ ਦੀ ਜਾਣਕਾਰੀ ਹੈ। ਬਾਲੀ ਅਥਾਰਿਟੀਜ਼ ਦਾ ਕਹਿਣਾ ਹੈ ਕਿ ਸੈਲਾਨੀ ਹੱਬ ਕੁਟਾ ਦੇ ਨੇੜੇ ਬਡੂੰਗ ਜ਼ਿਲ੍ਹੇ ’ਚ ਭੂਚਾਲ ਦੇ ਝਟਕਿਆਂ ਨਾਲ 20 ਦੇ ਕਰੀਬ ਘਰ, ਸਕੂਲ, ਮੰਦਰ ਅਤੇ ਦਫ਼ਤਰ ਵੱਡੇ ਪੈਮਾਨੇ ’ਤੇ ਨੁਕਸਾਨੇ ਗਏ ਹਨ। ਇਸੇ ਤਰ੍ਹਾਂ ਲੰਘੇ ਐਤਵਾਰ ਨੂੰ ਇਕ ਜ਼ਬਰਦਸਤ 7.3 ਤੀਬਰਤਾ ਵਾਲੇ ਭੂਚਾਲ ਨੇ ਇੰਡੋਨੇਸ਼ੀਆ ਦੇ ਮਾਲੁਕੁ ਨਾਂ ਦੇ ਟਾਪੂ ’ਤੇ ਤਬਾਹੀ ਮਚਾਈ ਸੀ, ਜਿਸ ’ਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਇੱਕ ਹਜ਼ਾਰ ਦੇ ਕਰੀਬ ਘਰ ਨੁਕਸਾਨੇ ਗਏ ਸਨ।

Previous articleਪ੍ਰਕਾਸ਼ ਪੁਰਬ ਸਮਾਗਮਾਂ ਮਗਰੋਂ ਲਾਏ ਜਾ ਸਕਦੇ ਨੇ ਤਖ਼ਤਾਂ ਦੇ ਪੱਕੇ ਜਥੇਦਾਰ
Next articleਬੀਅਰ ਦੀ ਬੋਤਲ ਮਾਰ ਕੇ ਹੱਤਿਆ; ਦੋ ਗ੍ਰਿਫ਼ਤਾਰ