ਬਿਹਾਰ ਪੁੱਜਿਆ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦਾ ਸੇਕ

ਪਟਨਾ (ਸਮਾਜ ਵੀਕਲੀ) : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਕਿਸਾਨ ਮਹਾਸਭਾ ਦੇ ਬੈਨਰ ਹੇਠ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਪਟਨਾ ਦੇ ਗਾਂਧੀ ਮੈਦਾਨ ’ਚ ਇਕੱਠੇ ਹੋਏ ਅਤੇ ਬਾਅਦ ਵਿੱਚ ਉਨ੍ਹਾਂ ਬਿਹਾਰ ਦੇ ਰਾਜ ਭਵਨ ਵੱਲ ਮਾਰਚ ਕੀਤਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਗਾਂਧੀ ਮੈਦਾਨ ਨੇੜੇ ਵੱਡੀ ਗਿਣਤੀ ’ਚ ਬੈਰੀਕੇਡ ਲਗਾਏ ਹੋਏ ਸਨ ਪਰ ਵੱਡੀ ਗਿਣਤੀ ’ਚ ਮੌਜੂਦ ਕਿਸਾਨਾਂ ਨੇ ਪਲਾਂ ਵਿੱਚ ਹੀ ਸਾਰੀਆਂ ਰੋਕਾਂ ਹਟਾ ਦਿੱਤੀਆਂ ਅਤੇ ਗਾਂਧੀ ਮੈਦਾਨ ਤੇ ਡਾਕ ਬੰਗਲਾ ਚੌਕ ਵਿਚਾਲੇ ਲਗਾਏ ਗਏ ਬੈਰੀਕੇਡ ਤੋੜ ਸੁੱਟੇ। ਫਰੇਜ਼ਰ ਰੋਡ ’ਤੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਵੀ ਕੀਤਾ। ਸ਼ਹਿਰ ਦੇ ਮਸ਼ਹੂਰ ਡਾਕ ਬੰਗਲਾ ਚੌਕ ਤੋਂ ਇਲਾਵਾ ਸ਼ਹਿਰ ਵਿਚਲੀਆਂ ਕਈ ਥਾਵਾਂ ’ਤੇ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪਾਂ ਹੋਈਆਂ। ਪਟਨਾ ਪ੍ਰਸ਼ਾਸਨ ਨੇ ਗਾਂਧੀ ਮੈਦਾਨ ਨਾਲ ਜੁੜਦੀਆਂ ਸਾਰੀਆਂ ਸੜਕਾਂ ’ਤੇ ਵੱਡੀ ਤਦਾਦ ’ਚ ਪੁਲੀਸ ਤਾਇਨਾਤ ਕਰ ਦਿੱਤੀ।

ਬਿਹਾਰ ’ਚ ਇਹ ਪਹਿਲਾ ਇੰਨਾ ਵੱਡਾ ਰੋਸ ਮੁਜ਼ਾਹਰਾ ਹੈ ਜੋ ਕਿਸੇ ਗੈਰ-ਸਿਆਸੀ ਧਿਰ ਵੱਲੋਂ ਕੀਤਾ ਗਿਆ ਹੋਵੇ। ਹਾਲਾਂਕਿ ਕੁਝ ਖੱਬੇਪੱਖੀ ਪਾਰਟੀਆਂ ਨੇ ਇਸ ਰੋਸ ਮੁਜ਼ਾਹਰੇ ’ਚ ਸ਼ਮੂਲੀਅਤ ਕੀਤੀ ਹੈ। ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਦਿੱਲੀ ’ਚ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਹਨ।

Previous articleਪਿਛਲੀਆਂ ਸਰਕਾਰਾਂ ਨੇ ਢਾਂਚਾਗਤ ਵਿਕਾਸ ਨਹੀਂ ਕੀਤਾ: ਮੋਦੀ
Next articleਤੋਮਰ ਤੇ ਗੋਇਲ ਵੱਲੋਂ ਅਮਿਤ ਸ਼ਾਹ ਨਾਲ ਚਰਚਾ