ਪਿਛਲੀਆਂ ਸਰਕਾਰਾਂ ਨੇ ਢਾਂਚਾਗਤ ਵਿਕਾਸ ਨਹੀਂ ਕੀਤਾ: ਮੋਦੀ

ਲਖਨਊ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਿਛਲੀਆਂ ਸਰਕਾਰਾਂ ’ਤੇ ਮਾਲ ਗੱਡੀਆਂ ਲਈ ਸਮਰਪਿਤ ਲਾਂਘਾ ਪ੍ਰੋਜੈਕਟ ਅਤੇ ਰੇਲਵੇ ਦੇ ਆਧੁਨਿਕੀਕਰਨ ਵਿੱਚ ਦੇਰੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਿਆਸਤ ਨੂੰ ਢਾਂਚਾਗਤ ਵਿਕਾਸ ਤੋਂ ਲਾਂਭੇ ਰੱਖਣਾ ਚਾਹੀਦਾ ਹੈ।

ਨਿਊ ਭਾਊਪਰ-ਨਿਊ ਖੁਰਜਾ ਸੈਕਸ਼ਨ ਦੇ ਈਸਟਰਨ ਡੈਡੀਕੇਟਿਡ ਫਰੇਟ ਕੌਰੀਡੋਰ (ਈਡੀਐੱਫਸੀ) ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਖੁਰਜਾ-ਭਾਊਪੁਰ ਫਰੇਟ ਸੈਕਸ਼ਨ ’ਤੇ ਚੱਲੀ ਪਹਿਲੀ ਮਾਲ ਗੱਡੀ ਨਾਲ ਭਾਰਤ ਅਤੇ ‘ਆਤਮ-ਨਿਰਭਰ ਭਾਰਤ’ ਦੀ ‘ਦਹਾੜ’ ਸਪੱਸ਼ਟ ਤੌਰ ’ਤੇ ਸੁਣੀ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਲਾਂਘਾ ਕਿਸਾਨਾਂ ਨੂੰ ਸਮੇਂ ਸਿਰ ਆਪਣੀ ਫ਼ਸਲ ਲਿਜਾਣ ਵਿੱਚ ਵੀ ਸਹਾਈ ਹੋਵੇਗਾ।

ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨਾਂ ਅਤੇ ਮੁਜ਼ਾਹਰਿਆਂ ਦੌਰਾਨ ਲੋਕਾਂ ਵਲੋਂ ਸਰਕਾਰੀ ਸੰਪਤੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸੰਪਤੀ ਕਿਸੇ ਆਗੂ, ਸਿਆਸੀ ਪਾਰਟੀ ਜਾਂ ਸਰਕਾਰ ਦੀ ਨਹੀਂ ਹੈ ਬਲਕਿ ਇਹ ਦੇਸ਼ ਅਤੇ ਇਸ ਦੇ ਨਾਗਰਿਕਾਂ ਦੀ ਹੈ। ਪਿਛਲੀਆਂ ਸਰਕਾਰਾਂ ’ਤੇ ਧੀਮੀ ਗਤੀ ਨਾਲ ਪ੍ਰੋਜਕੈਟਾਂ ਨੂੰ ਅੱਗੇ ਵਧਾਉਣ ਦੇ ਦੋਸ਼ ਲਾਉਂਦਿਆਂ ਮੋਦੀ ਨੇ ਕਿਹਾ ਕਿ ਫਰੇਟ ਪ੍ਰੋਜਕੈਟ ਨੂੰ 2006 ਵਿੱਚ ਪ੍ਰਵਾਨਗੀ ਮਿਲੀ ਸੀ ਪ੍ਰੰਤੂ ਇਹ ਕੇਵਲ ਕਾਗਜ਼ਾਂ ਵਿੱਚ ਸੀ ਕਿਉਂਕਿ ਉਸ ਸਮੇਂ ਦੀ ਸਰਕਾਰ ਕੋਲ ‘ਗੰਭੀਰਤਾ ਅਤੇ ਜ਼ਰੂਰਤ’ ਦੀ ਕਮੀ ਸੀ, ਜਿਸ ਨਾਲ ਇਸ ਨੂੰ ਸੂਬਿਆਂ ਕੋਲ ਚੁੱਕਿਆ ਜਾਣਾ ਸੀ।

ਉਨ੍ਹਾਂ ਕਿਹਾ ਕਿ 2014 ਤੱਕ ਇਸ ਪ੍ਰੋਜੈਕਟ ਦਾ ਇੱਕ ਕਿਲੋਮੀਟਰ ਟਰੈਕ ਵੀ ਤਿਆਰ ਨਹੀਂ ਹੋਇਆ ਸੀ ਅਤੇ ਪ੍ਰਵਾਨ ਕੀਤੇ ਫੰਡਾਂ ਨੂੰ ਸਹੀ ਢੰਗ ਨਾਲ ਨਹੀਂ ਖ਼ਰਚਿਆ ਗਿਆ ਸੀ। ਸਾਲ 2014 ਤੋਂ ਬਾਅਦ ਇਸ ਦਾ ਕੰਮ ਮੁੜ ਸ਼ੁਰੂ ਹੋਇਆ ਅਤੇ ਅਧਿਕਾਰੀਆਂ ਨੂੰ ਇਸ ਨੂੰ ਅੱਗੇ ਵਧਾਉਣ ਲਈ ਆਖਿਆ ਅਤੇ ਉਦੋਂ ਤੱਕ ਇਹ ਦਾ ਬਜਟ 11 ਗੁਣਾ ਵਧ ਗਿਆ ਸੀ। ਉਨ੍ਹਾਂ ਕਿਹਾ, ‘‘ਸੋਚੋ ਅੱਠ ਸਾਲਾਂ ਵਿੱਚ ਇੱਕ ਕਿਲੋਮੀਟਰ ਵੀ ਨਹੀਂ ਅਤੇ ਛੇ ਸਾਲਾਂ ਵਿੱਚ 1100 ਕਿਲੋਮੀਟਰ।’’

351 ਕਿਲੋਮੀਟਰ ਦੇ ਇਸ ਟਰੈਕ ਦਾ ਨਿਰਮਾਣ ਕਰੀਬ 5,750 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਕੁੱਲ 1,840 ਕਿਲੋਮੀਟਰ ਲੰਬਾ ਈਡੀਐੱਫਸੀ ਪੰਜਾਬ ਦੇ ਲੁਧਿਆਣਾ ਤੋਂ ਪੱਛਮੀ ਬੰਗਾਲ ਦੇ ਕੋਲਕਾਤਾ ਤੱਕ ਜਾਵੇਗਾ। ਮੋਦੀ ਵਲੋਂ ਈਡੀਐੱਫਸੀ ਦੇ ਪ੍ਰਯਾਗਰਾਜ ਵਿੱਚ ਅਪਰੇਸ਼ਨ ਕੇਂਦਰ ਦਾ ਉਦਘਾਟਨ ਵੀ ਕੀਤਾ ਗਿਆ ਅਤੇ ਪਹਿਲੀ ਡੇਢ ਕਿਲੋਮੀਟਰ ਲੰਬੀ ਮਾਲ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

Previous articleਪਹਾੜਾਂ ਤੋਂ ਮੈਦਾਨਾਂ ਤੱਕ ਸੀਤ ਲਹਿਰ ਨੇ ਕੰਬਣੀ ਛੇੜੀ
Next articleਬਿਹਾਰ ਪੁੱਜਿਆ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦਾ ਸੇਕ