ਅੰਮ੍ਰਿਤਸਰ (ਸਮਾਜਵੀਕਲੀ): ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਅਮਲੇ ਵੱਲੋਂ ਨੋਟਿਸ ਲੈਣ ਸਬੰਧੀ ਕੋਈ ਹੁੰਗਾਰਾ ਨਾ ਦਿੱਤੇ ਜਾਣ ਤੋਂ ਬਾਅਦ ਅੱਜ ਬਿਹਾਰ ਪੁਲੀਸ ਦੇ ਕਰਮਚਾਰੀਆਂ ਨੇ ਇਹ ਨੋਟਿਸ ਉਨ੍ਹਾਂ ਦੇ ਘਰ ਦੇ ਬਾਹਰ ਕੰਧ ’ਤੇ ਚਿਪਕਾ ਦਿੱਤਾ ਹੈ। ਬਿਹਾਰ ਪੁਲੀਸ ਵੱਲੋਂ ਸਿੱਧੂ ਖ਼ਿਲਾਫ਼ ਇਹ ਕੇਸ 16 ਅਪਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਥਾਣਾ ਵਰਸੋਈ ਵਿੱਚ ਦਰਜ ਕੀਤਾ ਗਿਆ ਸੀ।
ਦੂਜੀ ਧਿਰ ਨੇ ਸਿੱਧੂ ਦੇ ਪ੍ਰਚਾਰ ਸਬੰਧੀ ਇਤਰਾਜ਼ ਕੀਤਾ ਸੀ ਅਤੇ ਚੋਣ ਕਮਿਸ਼ਨ ਅਤੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ। ਉਸ ਵੇਲੇ ਤੋਂ ਚੱਲ ਰਹੇ ਇਸ ਕੇਸ ਸਬੰਧੀ ਨੋਟਿਸ ਦੇਣ ਲਈ ਬਿਹਾਰ ਪੁਲੀਸ ਦੇ ਦੋ ਸਬ-ਇੰਸਪੈਕਟਰ ਜਨਾਰਦਨ ਰਾਮ ਅਤੇ ਜਾਵੇਦ ਅਹਿਮਦ ਪਿਛਲੇ ਪੰਜ ਦਿਨਾਂ ਤੋਂ ਅੰਮ੍ਰਿਤਸਰ ਆਏ ਹੋਏ ਹਨ। ਉਹ ਪੰਜ ਦਿਨਾਂ ਤੋਂ ਹੀ ਸਿੱਧੂ ਦੇ ਘਰ ਲਗਾਤਾਰ ਚੱਕਰ ਮਾਰ ਰਹੇ ਹਨ ਪਰ ਹੁਣ ਤੱਕ ਉਨ੍ਹਾਂ ਦੀ ਸਿੱਧੂ ਨਾਲ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਦੇ ਦਫ਼ਤਰੀ ਕਰਮਚਾਰੀਆਂ ਨੇ ਇਹ ਨੋਟਿਸ ਲਿਆ ਹੈ।
ਬਿਹਾਰ ਪੁਲੀਸ ਇਸ ਨੋਟਿਸ ’ਤੇ ਸਿੱਧੂ ਦੇ ਦਸਤਖਤ ਕਰਾਉਣ ਅਤੇ ਮੌਕੇ ’ਤੇ ਹੀ ਉਨ੍ਹਾਂ ਨੂੰ ਜ਼ਮਾਨਤ ਦੇਣ ਲਈ ਆਈ ਹੈ। ਦੋਵਾਂ ਪੁਲੀਸ ਕਰਮਚਾਰੀਆਂ ਨੇ ਆਖਿਆ ਕਿ ਪਿਛਲੇ ਪੰਜ ਦਿਨਾਂ ਤੋਂ ਸਿੱਧੂ ਨਾਲ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੇ ਨੋਟਿਸ ਲੈਣ ਲਈ ਰਜ਼ਾਮੰਦੀ ਦਿੱਤੀ ਹੈ। ਇਸ ਕਾਰਨ ਅੱਜ ਉਨ੍ਹਾਂ ਨੇ ਇਹ ਨੋਟਿਸ ਉਨ੍ਹਾਂ ਦੇ ਘਰ ਦੇ ਪ੍ਰਵੇਸ਼ ਦੁਆਰ ਦੀ ਕੰਧ ’ਤੇ ਚਿਪਕਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦਫ਼ਤਰੀ ਕਰਮਚਾਰੀ ਸਿੱਧੂ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।
ਉਹ ਪਿਛਲੇ ਪੰਜ ਦਿਨਾਂ ਤੋਂ ਇਥੇ ਹਨ ਅਤੇ ਸਿੱਧੂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਨੋਟਿਸ ਕੰਧ ’ਤੇ ਲਾਉਣ ਮਗਰੋਂ ਸਿੱਧੂ ਨੂੰ ਇਸ ਕੇਸ ਸਬੰਧੀ ਜ਼ਮਾਨਤ ਅਦਾਲਤ ਤੋਂ ਕਰਾਉਣੀ ਪਵੇਗੀ। ਉਨ੍ਹਾਂ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਹੈ। ਵਾਪਸੀ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉਚ ਅਧਿਕਾਰੀਆਂ ਵਲੋਂ ਆਦੇਸ਼ ਮਿਲਣ ਮਗਰੋਂ ਹੀ ਉਹ ਵਾਪਸ ਜਾਣਗੇ। ਇਸ ਮਾਮਲੇ ਵਿਚ ਸਿੱਧੂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਦੇ ਦਫਤਰੀ ਅਮਲੇ ਨੇ ਵੀ ਇਸ ਬਾਰੇ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ।