ਬਿਹਾਰ ਦੇ ਬਕਸਰ ਵਿੱਚ ਗੰਗਾ ਨਦੀ ’ਚੋਂ ਸ਼ੱਕੀ ਕਰੋਨਾ ਮਰੀਜ਼ਾਂ ਦੀਆਂ ਤਰਦੀਆਂ ਲਾਸ਼ਾਂ ਮਿਲੀਆਂ

ਪਟਨਾ (ਸਮਾਜ ਵੀਕਲੀ) : ਬਿਹਾਰ ਦੇ ਬਕਸਰ ਜ਼ਿਲ੍ਹੇ ’ਚੋਂ ਲੰਘਦੀ ਗੰਗਾ ਨਦੀ ਵਿੱਚੋਂ ਗਲੀਆਂ ਸੜੀਆਂ ਲਾਸ਼ਾਂ ਤਰਦੀਆਂ ਮਿਲੀਆਂ ਹਨ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਇਹ ਸਾਰੇ ਵਿਅਕਤੀ ਕਰੋਨਾ ਕਰਕੇ ਮਰੇ ਹਨ। ਖ਼ਬਰ ਮਿਲਦੇ ਹੀ ਬਕਸਰ ਦੇ ਚੌਸਾ ਬਲਾਕ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਬਕਸਰ ਦਾ ਇਲਾਕਾ ਉੱਤਰ ਪ੍ਰਦੇਸ਼ ਦੀ ਐੱਨ ਸਰਹੱਦ ਨਾਲ ਲਗਦਾ ਹੈ।

ਚੌਸਾ ਦੇ ਬੀਡੀਓ ਅਸ਼ੋਕ ਕੁਮਾਰ ਨੇ ਦੱਸਿਆ, ‘ਸਾਨੂੰ ਸਥਾਨਕ ਚੌਕੀਦਾਰ ਨੇ ਸੂਚਨਾ ਦਿੱਤੀ ਸੀ ਕਿ ਗੰਗਾ ਨਦੀ ਵਿੱਚ ਉਪਰੋਂ ਕੁਝ ਲਾਸ਼ਾਂ ਵਹਿੰਦੀਆਂ ਆਈਆਂ ਹਨ। ਹੁਣ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਜ਼ਿਲ੍ਹੇ ਦਾ ਵਸਨੀਕ ਨਹੀਂ ਜਾਪਦਾ।’ ਉਨ੍ਹਾਂ ਕਿਹਾ, ‘‘ਯੂਪੀ ਦੇ ਕਈ ਜ਼ਿਲ੍ਹੇ ਐਨ ਗੰਗਾ ਨਦੀ ਕੇ ਕੰਢੇ ’ਤੇ ਹਨ ਤੇ ਇਨ੍ਹਾਂ ਲਾਸ਼ਾਂ ਨੂੰ ਪਾਣੀ ਵਿੱਚ ਕਿਉਂ ਹੜਾਇਆ ਗਿਆ, ਇਸ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ। ਹਾਲ ਦੀ ਘੜੀ ਅਸੀਂ ਇਹ ਪੁਸ਼ਟੀ ਵੀ ਨਹੀਂ ਕਰ ਸਕਦੇ ਕਿ ਇਹ ਸਾਰੇ ਪੀੜਤ ਕਰੋਨਾ ਪਾਜ਼ੇਟਿਵ ਸਨ। ਲਾਸ਼ਾਂ ਗਲਣੀਆਂ ਸ਼ੁਰੂ ਹੋ ਗਈਆਂ ਸਨ।

ਪਰ ਅਸੀਂ ਇਨ੍ਹਾਂ ਦੇ ਸਸਕਾਰ ਮੌਕੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਨੂੰ ਯਕੀਨੀ ਬਣਾ ਰਹੇ ਹਾਂ।’’ ਉਧਰ ਸਥਾਨਕ ਲੋਕਾਂ ਨੇ ਪ੍ਰਸ਼ਾਸਨ ’ਤੇ ਅਣਗਹਿਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕ ਸ਼ਮਸ਼ਾਨਘਾਟਾਂ ’ਚ ਸਸਕਾਰ ਲਈ ਮੋਟੀਆਂ ਰਕਮਾਂ ਮੰਗੇ ਜਾਣ ਕਰਕੇ ਕੋਵਿਡ ਪੀੜਤ ਦੀਆਂ ਲਾਸ਼ਾਂ ਨੂੰ ਜਲਪ੍ਰਵਾਹ ਕਰ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਲਾਗ ਚਿੰਬੜਨ ਦੇ ਡਰੋਂ ਲਾਸ਼ਾਂ ਨੂੰ ਨਦੀਆਂ ’ਚ ਸੁੱਟ ਕੇ ਰਫੂਚੱਕਰ ਹੋ ਜਾਂਦੇ ਹਨ। ਉਧਰ ਕੁਝ ਖ਼ਬਰ ਚੈਨਲਾਂ ਦੇ ਪਾਣੀ ’ਚ ਹੜ੍ਹ ਕੇ ਆਈਆਂ ਲਾਸ਼ਾਂ ਦੀ ਗਿਣਤੀ ਸੌ ਤੋਂ ਵਧ ਹੋਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਬੀਡੀਓ ਨੇ ਇਸ ਅੰਕੜੇ ਨੂੰ ਖਾਰਜ ਕਰ ਦਿੱਤਾ।

Previous article‘ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਨਾਲ ਸਮੱਸਿਆਵਾਂ ਵਧਣਗੀਆਂ’
Next articleਦੇਸ਼ ’ਚ 24 ਘੰਟਿਆਂ ’ਚ ਕਰੋਨਾ ਦੇ 3.66 ਲੱਖ ਕੇਸ, 3754 ਮੌਤਾਂ