ਸੰਗਰੂਰ- ਇੱਥੇ ਅੱਜ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ’ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਵਿੱਚ ਪਰਮਿੰਦਰ ਸਿੰਘ ਢੀਂਡਸਾ ’ਤੇ ਸੰਗਰੂਰ ਵਿਚ ਜ਼ਿਲ੍ਹਾ ਪੱਧਰੀ ਰੈਲੀ ਕਰਨ ਲਈ ਜ਼ੋਰ ਪਾਇਆ ਗਿਆ ਤਾਂ ਜੋ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਦਾ ਜਵਾਬ ਦਿੱਤਾ ਜਾ ਸਕੇ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੱਧਰੀ ਰੈਲੀ ਤੋਂ ਵੱਡਾ ਇਕੱਠ ਇਕ ਜ਼ਿਲ੍ਹੇ ਵਿੱਚੋਂ ਕਰ ਕੇ ਦਿਖਾਉਣਗੇ। ਮੀਟਿੰਗ ਵਿਚ ਇਸੇ ਮਹੀਨੇ ਉਸੇ ਥਾਂ ’ਤੇ ਰੈਲੀ ਕਰਨ ਦਾ ਫ਼ੈਸਲਾ ਲਿਆ ਗਿਆ, ਜਿੱਥੇ ਬਾਦਲ ਦਲ ਦੀ ਰੈਲੀ ਹੋਈ ਸੀ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਿੱਚ ਉਨ੍ਹਾਂ ਦੇ ਜਵਾਬ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਇਸੇ ਕਾਰਨ ਉਸ ਨੇ ਨੋਟਿਸ ਭੇਜਣ ਤੇ ਜਵਾਬ ਸੁਣਨ ਤੋਂ ਬਿਨਾਂ ਹੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਕਾਰਵਾਈ ਕੀਤੀ ਹੈ। ਇਸ ਨਾਲ ਸੁਖਬੀਰ ਬਾਦਲ ਨੇ ਤਾਨਾਸ਼ਾਹ ਹੋਣ ਦਾ ਪੁਖ਼ਤਾ ਸਬੂਤ ਦਿੱਤਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਤੇ ਰਵਾਇਤਾਂ ਹਨ। ਸ਼੍ਰੋਮਣੀ ਅਕਾਲੀ ਦਲ ਇਕ ਵਿਚਾਰਧਾਰਾ ਹੈ ਅਤੇ ਇਹ ਸੁਖਬੀਰ ਸਿੰਘ ਬਾਦਲ ਦੀ ਜਾਗੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਜਮਹੂਰੀਅਤ ਤੇ ਨਿਰਪੱਖਤਾ ਨੂੰ ਵੱਡੀ ਢਾਹ ਲਾਈ ਹੈ। ਕੁਰਸੀ ਦੇ ਲਾਲਚ ਵਿਚ ਪਾਰਟੀ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਦਾਅ ’ਤੇ ਲਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਇਕੋ ਇਕ ਅਜਿਹਾ ਪ੍ਰਧਾਨ ਹੈ, ਜੋ ਹਰ ਮਾਮਲੇ ’ਤੇ ਫੇਲ੍ਹ ਹੋਇਆ ਅਤੇ ਪੰਥ ਦੀ ਸਹੀ ਅਗਵਾਈ ਨਹੀਂ ਕਰ ਸਕਿਆ।
INDIA ਬਿਨਾਂ ਨੋਟਿਸ ਪਾਰਟੀ ’ਚੋਂ ਕੱਢਣਾ ਸੁਖਬੀਰ ਦੀ ਤਾਨਾਸ਼ਾਹੀ: ਢੀਂਡਸਾ