ਵਿਲਮਿੰਗਟਨ (ਅਮਰੀਕਾ) (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਦੇ ਊਮੀਦਵਾਰ ਜੋਅ ਬਿਡੇਨ ਨੇ ਅੱਜ ਕਿਹਾ ਕਿ ਊਨ੍ਹਾਂ ਦਾ ਆਰਥਿਕ ਏਜੰਡਾ ਲੰਬੇ ਸਮੇਂ ਤੋਂ ਚੱਲ ਰਹੇ ਨਸਲੀ ਵਿਤਕਰਿਆਂ ਨੂੰ ਨੱਥ ਪਾਵੇਗਾ।
ਬਿਡੇਨ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਅਪਰਾਧ ਨੂੰ ਨੱਥ ਪਾਊਣ ਦੇ ਨਾਂ ’ਤੇ ਮੁੱਖ ਸ਼ਹਿਰਾਂ ਵਿੱਚ ਫੈਡਰਲ ਅਧਿਕਾਰੀਆਂ ਨੂੰ ਭੇਜ ਕੇ ਦੇਸ਼ ਭਰ ਵਿੱਚ ਸਮਾਜਿਕ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਟਰੰਪ ਦੀ ਨਸਲੀ ਵਿਤਕਰੇ ਦੇ ਮਸਲੇ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਇਹ ਗੱਲ ਕੋਵਿਡ-19 ਦੌਰਾਨ ਸਾਬਤ ਹੋ ਗਈ ਹੈ ਕਿਉਂਕਿ ਸਿਆਹਫਾਮ ਲੋਕ ਮਹਾਮਾਰੀ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ।
ਇਸ ਤੋਂ ਇਲਾਵਾ ਚੁਣਾਵੀ ਵਰ੍ਹੇ ਦੌਰਾਨ ਵੀ ਸਿਆਹਫਾਮ ਲੋਕਾਂ ਵਿਰੁੱਧ ਪੁਲੀਸ ਹਿੰਸਾ ਹੋ ਰਹੀ ਹੈ। ਊਨ੍ਹਾਂ ਟਰੰਪ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ, ‘‘ਊਹ ਆਰਥਿਕਤਾ ਦਾ ਪਾਸਾ ਨਹੀਂ ਪਲਟ ਸਕਦੇ। ਊਹ ਵੰਡੀਆਂ ਅਤੇ ਖੌਰੂ ਪਾਊਣ ਲਈ ਦ੍ਰਿੜ੍ਹ ਹਨ।’’ ਊਨ੍ਹਾਂ ਕਿਹਾ, ‘ਇਹ ਮੁਲਕ ਲਈ ਸਹੀ ਨਹੀਂ ਹੈ, ਪਰ ਡੋਨਲਡ ਟਰੰਪ ਨੂੰ ਇਸ ਦੀ ਪ੍ਰਵਾਹ ਨਹੀਂ। ਊਨ੍ਹਾਂ ਦੀ ਪ੍ਰਚਾਰ ਮੁਹਿੰਮ ਡਗਮਗਾ ਗਈ ਹੈ ਅਤੇ ਊਹ ਕੋਈ ਜੀਵਨ ਰੇਖਾ ਲੱਭ ਰਹੇ ਹਨ।’’