ਦੁਬਈ (ਸਮਾਜ ਵੀਕਲੀ) : ਇੱਥੇ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਮੱਕਾ ’ਚ ਹੱਜ ਯਾਤਰੀ ਪੁੱਜਣੇ ਸ਼ੁਰੂ ਹੋ ਗਏ ਹਨ।ਕਰੋਨਾਵਾਇਰਸ ਨੇ ਇਸ ਯਾਤਰਾ ’ਤ ਵੀ ਪ੍ਰਭਾਵ ਪਾਇਆ ਹੈ, ਜਿਸ ਕਾਰਨ ਹੱਜ ਯਾਤਰੀ ਚਿਹਰੇ ’ਤੇ ਮਾਸਕ ਲਾ ਕੇ ਛੋਟੇ-ਛੋਟੇ ਸਮੂਹਾਂ ’ਚ ਪੁੱਜਣੇ ਸ਼ੁਰੂ ਹੋ ਗਏ ਹਨ। ਹੱਜ ਦਾ ਮਨੋਰਥ ਮੁਸਲਮਾਨਾਂ ’ਚ ਸਰੀਰਕ ਤੇ ਆਤਮਿਕ ਤੌਰ ’ਤੇ ਨਿਮਰਤਾ ਤੇ ਏਕਤਾ ਪੈਦਾ ਕਰਨਾ ਹੁੰਦਾ ਹੈ ਪਰ ਇਸ ਵਾਰ ਹੱਜ ਯਾਤਰੀ ਮੋਢੇ ਨਾਲ ਮੋਢਾ ਜੋੜ ਕੇ ਅਕੀਦਤ ਭੇਟ ਕਰਨ ਦੀ ਬਜਾਇ ਸਮਾਜਿਕ ਦੂਰੀ ਬਣਾਈ ਰੱਖਣ ਨੂੰ ਤਰਜੀਹ ਦੇ ਰਹੇ ਹਨ।
ਕਰੋਨਾਵਾਇਰਸ ਤੋਂ ਬਚਾਅ ਲਈ ਹੱਜ ਯਾਤਰੀ 20 ਜਣਿਆਂ ਦੇ ਛੋਟੇ-ਛੋਟੇ ਸਮੂਹਾਂ ’ਚ ਜਾ ਰਹੇ ਹਨ। ਇਸ ਵਾਰ ਹੱਜ ਯਾਤਰੀ ਆਪਣੇ ਹੋਟਲਾਂ ਦੇ ਕਮਰਿਆਂ ’ਚ ਪੈਕਿੰਗ ਵਾਲਾ ਖਾਣਾ ਖਾ ਰਹੇ ਹਨ ਅਤੇ ਇੱਕ-ਦੂਜੇ ਤੋਂ ਦੂਰੀ ਬਣਾ ਕੇ ਪ੍ਰਾਰਥਨਾ ਕਰਨ ਨੂੰ ਤਰਜੀਹ ਦੇ ਰਹੇ ਹਨ। ਪਹਿਲੀ ਵਾਰੀ ਸਾਊਦੀ ਅਰਬ ਸਰਕਾਰ ਨੇ ਵਿਦੇਸ਼ਾਂ ਤੋਂ ਮੁਲਕ ’ਚ ਹੱਜ ਯਾਤਰੀਆਂ ਦੇ ਆਉਣ ’ਤੇ ਪਾਬੰਦੀ ਲਾਈ ਹੈ।