ਜੀਟੀ ਰੋਡ ‘ਤੇ ਸਥਿਤ ਬਿਜਲੀ ਘਰ ਵਿਚ 8 ਕਰੋੜ ਦੀ ਲਾਗਤ ਨਾਲ ਬਣੇ ਨਵੇਂ ਗਰਿੱਡ ਦਾ ਉਦਘਾਟਨ ਕਰਨ ਲਈ ਪਹੁੰਚੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਜੁਆਇੰਟ ਫੋਰਮ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਜੀਤ ਮੋਦਲਾਂ ਸਰਕਲ ਪ੍ਰਧਾਨ ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ, ਟੀਐਸਯੂ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਅਤੇ ਨਛੱਤਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ 1 ਦਸੰਬਰ 2012 ਤੋਂ ਵਧਿਆ ਪੇ ਬੈਂਡ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਗਿਆ। ਬਠਿੰਡਾ ਥਰਮਲ ਬੰਦ ਹੋਣ ਤੋਂ ਬਾਅਦ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇੱਕ ਥਰਮਲ ਪਰਾਲੀ ‘ਤੇ ਚਲਾਇਆ ਜਾਵੇਗਾ, ਜੋ ਅੱਜ ਤੱਕ ਚਾਲੂ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਦੋ ਸਾਲਾਂ ਦੇ ਕੰਟਰੈਕਟ ਲਾਈਨਮੈਨ ਐਸਐਸਏ ਨੂੰ ਪੂਰੇ ਤਨਖਾਹ ਸਕੇਲ ‘ਤੇ ਰੈਗੂਲਰ ਕੀਤਾ ਜਾਵੇ, ਖਾਲੀ ਅਸਾਮੀਆਂ ਪੂਰੀ ਤਨਖਾਹ ਸਕੇਲ ‘ਤੇ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਰੈਗੂਲਰ ਕੰਮਾਂ ਵਿਰੁੱਧ ਆਊਟਸੋਰਸਿੰਗ ਬੰਦ ਕੀਤੀ ਜਾਵੇ।