ਬਟਾਲਾ ’ਚ ਗੋਲੀਆਂ ਮਾਰ ਕੇ ਸਾਬਕਾ ਐਸਡੀਓ ਦੀ ਹੱਤਿਆ

ਸ਼ਾਸਤਰੀ ਨਗਰ ਮੁਹੱਲੇ ਵਿੱਚ ਦਿਨ-ਦਿਹਾੜੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਐਸਡੀਓ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਵੀ ਘਟਨਾ ਦਾ ਜਾਇਜ਼ਾ ਲਿਆ।
ਮ੍ਰਿਤਕ ਦੀ ਪਛਾਣ ਰਣਧੀਰ ਸਿੰਘ ਵਾਸੀ ਸ਼ਾਸਤਰੀ ਨਗਰ ਵਜੋਂ ਹੋਈ ਹੈ। ਉਸ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਜਦ ਰਣਧੀਰ ਸਿੰਘ ਆਪਣੇ ਘਰ ਆ ਰਿਹਾ ਸੀ ਤਾਂ ਉਸ ਦਾ ਪਿੱਛਾ ਕਰ ਰਹੇ ਨਕਾਬਪੋਸ਼ ਨੇ ਉਸ ਦੇ ਗੋਲੀ ਮਾਰ ਦਿੱਤੀ। ਇਸ ਦੌਰਾਨ ਜ਼ਖਮੀ ਹੋਏ ਰਣਧੀਰ ਸਿੰਘ ਨੇ ਪੱਥਰ ਚੁੱਕ ਕੇ ਹਮਲਾਵਰ ਦੇ ਮਾਰਿਆ। ਇਸ ਤੋਂ ਬਾਅਦ ਹਮਲਾਵਰ ਉੱਥੋਂ ਦੌੜ ਗਿਆ ਪਰ ਰਣਧੀਰ ਸਿੰਘ ਉੱਥੇ ਹੀ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲੀਸ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਰਣਧੀਰ ਸਿੰਘ ਦਾ ਕਿਸੇ ਨਾਲ ਪੈਸਿਆਂ ਦੇ ਲੈਣ-ਦੇਣ ਬਾਰੇ ਝਗੜਾ ਚਲ ਰਿਹਾ ਸੀ ਅਤੇ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਸੀ ਜਿਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ।
ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਮਧਰਾ ਵਿੱਚ ਬੀਤੀ ਰਾਤ ਕੁਝ ਹਮਲਾਵਰਾਂ ਨੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਬੀਤੀ ਰਾਤ ਕਰੀਬ 8.30 ਵਜੇ ਦੀ ਹੈ ਜਦੋਂ ਮ੍ਰਿਤਕ ਸਰਬਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਮਧਰਾ ਬਾਹਰੋਂ ਆਪਣਾ ਕੰਮ ਨਿਬੇੜ ਕੇ ਘਰ ਵਾਪਸ ਆ ਰਿਹਾ ਸੀ। ਉਸ ਨੂੰ ਘਰ ਦੇ ਗੇਟ ਅੱਗੇ ਹੀ ਘੇਰ ਕੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।

Previous articleIndian dossier has no ‘evidence’, says Pakistan as it arrests Masood’s kin
Next articleਬਿਜਲੀ ਕਾਮਿਆਂ ਨੇ ਕਾਂਗੜ ਨੂੰ ਕਾਲੀਆਂ ਝੰਡੀਆਂ ਵਿਖਾਈਆਂ