ਬਟਲਰ ਨੂੰ ‘ਮਾਂਕੜਿੰਗ’ ਕਰਨ ਮਗਰੋਂ ਖੇਡ ਭਾਵਨਾ ’ਤੇ ਛਿੜੀ ਬਹਿਸ

ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਵੱਲੋਂ ਰਾਜਸਥਾਨ ਰੌਇਲਜ਼ ਦੇ ਜੋਸ ਬਟਲਰ ਨੂੰ ਆਈਪੀਐਲ ਮੈਚ ਵਿੱਚ ਮੰਕੜਿੱਗ ਕਰਨ ਮਗਰੋਂ ਖੇਡ ਭਾਵਨਾ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ ਅਤੇ ਇਸ ਵਿੱਚ ਵੱਖ ਖਿਡਾਰੀਆਂ ਦੀ ਵੱਖਰੀ ਰਾਇ ਹੈ। ਅਸ਼ਵਿਨ ਨੇ ਕੱਲ੍ਹ ਆਈਪੀਐਲ ਮੈਚ ਵਿੱਚ ਦੂਜੇ ਪਾਸੇ ਖੜ੍ਹੇ ਬਟਲਰ ਨੂੰ ਰਨ ਆਊਟ ਕੀਤਾ ਸੀ, ਜਦਕਿ ਇਸ ਤੋਂ ਪਹਿਲਾਂ ਉਸ ਨੂੰ ਚਿਤਾਵਨੀ ਵੀ ਨਹੀਂ ਦਿੱਤੀ ਗਈ।
ਰੌਇਲਜ਼ ਇਹ ਮੈਚ 14 ਦੌੜਾਂ ਨਾਲ ਹਾਰ ਗਈ। ਵੀਨੂ ਮਾਂਕੜ ਦੇ ਨਾਮ ’ਤੇ ਇਸ ਨੂੰ ਮਾਂਕੜਿੰਗ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਆਸਟਰੇਲੀਆ ਖ਼ਿਲਾਫ਼ 1947 ਵਿੱਚ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਸੀ। ਇਸ ਵਿੱਚ ਗੇਂਦਬਾਜ਼ ਜੇਕਰ ਗੇਂਦ ਪਾਉਣ ਤੋਂ ਪਹਿਲਾਂ ਦੂਜੇ ਪਾਸੇ ਖੜ੍ਹੇ ਬੱਲੇਬਾਜ਼ ਦੇ ਕ੍ਰੀਜ਼ ਤੋਂ ਬਾਹਰ ਹੋਣ ’ਤੇ ਗੁੱਲੀਆਂ ਉਡਾ ਦਿੰਦਾ ਹੈ ਤਾਂ ਉਸ ਨੂੰ ਰਨ ਆਊਟ ਮੰਨਿਆ ਜਾਂਦਾ ਹੈ। ਇਹ ਖੇਡ ਦੇ ਨਿਯਮਾਂ ਦੇ ਦਾਇਰੇ ਵਿੱਚ ਹੈ, ਪਰ ਇਸ ਨੂੰ ਖੇਡ ਭਾਵਨਾ ਦੇ ਉਲਟ ਮੰਨਿਆ ਜਾਂਦਾ ਹੈ।
ਆਸਟਰੇਲੀਆ ਦੇ ਸਾਬਕਾ ਖਿਡਾਰੀਆਂ ਮਿਸ਼ੇਲ ਜੌਨਸਨ ਅਤੇ ਡੀਨ ਜੋਨਜ਼ ਨੇ ਅਸ਼ਵਿਨ ਦਾ ਸਮਰਥਨ ਕੀਤਾ ਹੈ, ਜਦੋਂਕਿ ਰਾਜਸਥਾਨ ਰੌਇਲਜ਼ ਦੇ ਬਰਾਂਡ ਦੂਤ ਅਤੇ ਮਹਾਨ ਸਪਿੰਨਰ ਸ਼ੇਨ ਵਾਰਨ ਅਤੇ ਇੰਗਲੈਂਡ ਦੇ ਇੱਕ ਰੋਜ਼ਾ ਕਪਤਾਨ ਇਯੋਨ ਮੌਰਗਨ ਨੇ ਉਸ ਦੀ ਆਲੋਚਨਾ ਕੀਤੀ।
ਜੌਨਸਨ ਨੇ ਟਵਿੱਟਰ ’ਤੇ ਲਿਖਿਆ, ‘‘ਮਾਂਕੜਿੰਗ ਕੋਈ ਧੋਖੇਬਾਜ਼ੀ ਨਹੀਂ ਅਤੇ ਨਾ ਹੀ ਖੇਡ ਭਾਵਨਾ ਦੇ ਉਲਟ ਹੈ। ਮੈਂ ਜੇਕਰ ਅਜਿਹਾ ਕਰਾਂਗਾ ਤਾਂ ਬੱਲੇਬਾਜ਼ ਨੂੰ ਚਿਤਾਵਨੀ ਦੇਵਾਂਗਾ, ਪਰ ਬੱਲੇਬਾਜ਼ ਨੂੰ ਵੀ ਕ੍ਰੀਜ਼ ਦੇ ਅੰਦਰ ਰਹਿਣਾ ਚਾਹੀਦਾ ਹੈ।’’ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਨਜ਼ ਨੇ ਕਿਹਾ, ‘‘ਅਸ਼ਵਿਨ ਨੂੰ ਦੋਸ਼ ਨਾ ਦੇਵੋ। ਇਹ ਨਿਯਮਾਂ ਦੇ ਦਾਇਰੇ ਵਿੱਚ ਹੈ। ਜੇਕਰ ਅਜਿਹਾ ਹੈ ਤਾਂ ਖੇਡ ਭਾਵਨਾ ਦੇ ਉਲਟ ਕਿਵੇਂ ਹੈ। ਨਿਯਮ ਬਣਾਉਣ ਵਾਲੇ ਪ੍ਰਸ਼ਾਸਕ ਇਸ ਦੇ ਲਈ ਦੋਸ਼ੀ ਹਨ।’’
ਮੌਰਗਨ ਨੇ ਕਿਹਾ ਕਿ ਅਸ਼ਵਿਨ ਨੇ ਨੌਜਵਾਨ ਪੀੜ੍ਹੀ ਸਾਹਮਣੇ ਗ਼ਲਤ ਮਿਸਾਲ ਪੇਸ਼ ਕੀਤੀ ਹੈ। ਇੰਗਲੈਂਡ ਦੇ ਬੱਲੇਬਾਜ਼ ਜੇਸਨ ਰਾਏ ਨੇ ਕਿਹਾ, ‘‘ਅਸ਼ਵਿਨ ਦਾ ਇਹ ਹੈਰਾਨ ਕਰਨ ਵਾਲਾ ਰਵੱਈਆਂ ਸੀ। ਬਹੁਤ ਨਮੋਸ਼ੀਜਨਕ।’’ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਕਿਹਾ, ‘‘ਜੋਸ ਬਟਲਰ ਨੂੰ ਪਹਿਲਾਂ ਚਿਤਾਵਨੀ ਦਿੱਤੀ ਗਈ ਹੁੰਦੀ ਤਾਂ ਇਹ ਕੋਈ ਬੁਰਾ ਨਹੀਂ ਸੀ। ਉਸ ਨੇ ਅਜਿਹਾ ਨਾ ਕਰਕੇ ਗ਼ਲਤ ਕੀਤਾ।’’ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਸਕਾਟ ਸਟੋਈਰਿਸ ਨੇ ਕਿਹਾ, ‘‘ਇਹ ਬਟਲਰ ਜਾਂ ਅਸ਼ਵਿਨ ਕਿਸੇ ਦੀ ਗ਼ਲਤੀ ਨਹੀਂ। ਟੀਵੀ ਅੰਪਾਇਰ ਨੇ ਗ਼ਲਤੀ ਕੀਤੀ ਕਿਉਂਕਿ ਇਹ ਡੈਡ ਬਾਲ ਹੋਣੀ ਚਾਹੀਦੀ ਸੀ।’’
ਰਾਜਸਥਾਨ ਰੌਇਲਜ਼ ਦੇ ਕੋਚ ਪੈਡੀ ਉਪਟਨ ਨੇ ਕਿਹਾ ਹੈ ਕਿ ਆਈਪੀਐਲ ਮੈਚ ਵਿੱਚ ਜੋਸ ਬਟਲਰ ਨੂੰ ਮਾਂਕੜਿੰਗ ਕਰਕੇ ਆਰ ਅਸ਼ਵਿਨ ਨੇ ਵਿਖਾ ਦਿੱਤਾ ਕਿ ਉਹ ਕਿੰਨੇ ਕੁ ਪਾਣੀ ਵਿੱਚ ਹੈ।
ਰਵੀਚੰਦਰਨ ਅਸ਼ਵਿਨ ਨੂੰ ਆਈਪੀਐਲ ਮੈਚ ਵਿੱਚ ਜੋਸ ਬਟਲਰ ਨੂੰ ‘ਮਾਂਕੜਿੰਗ’ ਆਊਟ ਕਰਨ ਦਾ ਕੋਈ ਅਫ਼ੋਸਸ ਨਹੀ ਹੈ। ਉਸ ਨੇ ਕਿਹਾ ਕਿ ਇਹ ਫ਼ੈਸਲਾ ਉਸ ਨੇ ਅਚਾਨਕ ਲਿਆ ਅਤੇ ਜੇਕਰ ਇਹ ਖੇਡ ਭਾਵਨਾ ਦੇ ਉਲਟ ਹੈ ਤਾਂ ਕ੍ਰਿਕਟ ਦੇ ਨਿਯਮਾਂ ’ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ। ਅਸ਼ਵਿਨ ਨੇ ਮੈਚ ਜਿੱਤਣ ਮਗਰੋਂ ਕਿਹਾ, ‘‘ਇਹ ਅਚਾਨਕ ਲਿਆ ਗਿਆ ਫ਼ੈਸਲਾ ਸੀ। ਇਹ ਸੋਚ ਸਮਝ ਕੇ ਨਹੀਂ ਕੀਤਾ ਗਿਆ। ਇਹ ਨਿਯਮ ਦੇ ਦਾਇਰੇ ਵਿੱਚ ਸੀ। ਮੈਨੂੰ ਸਮਝ ਨਹੀਂ ਆਉਂਦਾ ਕਿ ਖੇਡ ਭਾਵਨਾ ਦਾ ਮਾਮਲਾ ਵਿਚਾਲੇ ਕਿਥੋਂ ਆ ਗਿਆ।’’

Previous articleਬਾਲਾਕੋਟ ਜਿਹੇ ਇੱਕ ਹੋਰ ਹਮਲੇ ਦਾ ਡਰ: ਇਮਰਾਨ
Next articleਜੈਪ੍ਰਦਾ ਭਾਜਪਾ ’ਚ ਸ਼ਾਮਲ; ਸ਼ਤਰੂ ਦਾ ਕਾਂਗਰਸ ’ਚ ਦਾਖਲਾ ਭਲਕੇ