ਬਾਰਡਰ ਖੁੱਲ੍ਹਣ ਨਾਲ ਚੰਡੀਗੜ੍ਹ ’ਚ ਵਧਿਆ ਕਰੋਨਾ ਫੈਲਣ ਦਾ ਖਤਰਾ

ਚੰਡੀਗੜ੍ਹ (ਸਮਾਜਵੀਕਲੀ): ਚੰਡੀਗੜ੍ਹ ’ਚ ਬਾਪੂ ਧਾਮ ਕਲੋਨੀ ਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਪਾਏ ਜਾ ਰਹੇ ਕਰੋਨਾ ਦੇ ਮਰੀਜ਼ਾਂ ਨੂੰ ਵੇਖਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਦੀ ਸਮੀਖਿਆ ਬੈਠਕ ਦੌਰਾਨ ਪ੍ਰਮੁੱਖ ਸਕੱਤਰ ਸਿਹਤ ਨੂੰ ਸ਼ਹਿਰ ਵਿੱਚਲੇ ਹਸਪਤਾਲਾਂ ਨੂੰ ਮਰੀਜ਼ਾਂ ਲਈ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।

ਚੰਡੀਗੜ੍ਹ ਦੇ ਬਾਰਡਰ ਖੁੱਲ੍ਹਣ ਨਾਲ ਹਜ਼ਾਰਾਂ ਲੋਕ ਆਵਾਜਾਈ ਕਰ ਰਹੇ ਹਨ, ਜਿਸ ਨਾਲ ਸ਼ਹਿਰ ਵਿੱਚ ਕਰੋਨਾ ਫੈਲਾਅ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਸ਼ਾਸਕ ਨੇ ਕਿਹਾ ਕਿ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਦੀ ਥਰਮਲ ਸਕਰੀਨਿੰਗ ਯਕੀਨੀ ਕੀਤੀ ਜਾਵੇ ਤਾਂ ਜੋ ਕਰੋਨਾ ਦਾ ਸ਼ੱਕੀ ਮਰੀਜ਼ ਸ਼ਹਿਰ ਵਿੱਚ ਦਾਖਲ ਨਾ ਹੋ ਸਕੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੇ ਗੁਆਂਢੀ ਸੁੂਬਿਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਕਿਸੇ ਵੀ ਮਰੀਜ਼ ਨੂੰ ਚੰਡੀਗੜ੍ਹ ਰੈਫ਼ਰ ਕਰਨ ਤੋਂ ਪਹਿਲਾਂ ਉਸ ਦਾ ਕਰੋਨਾ ਟੈਸਟ ਲਾਜ਼ਮੀ ਕੀਤਾ ਜਾਵੇ। ਨਗਰ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਵਿੱਚ ਜਾਣ ਵਾਲੇ ਵੈਂਡਰਾਂ ਦੀ ਰੋਜ਼ਾਨਾ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਨੂੰ ਸੈਨੀਟਾਈਜ਼ ਕਰਨ ਲਈ ਦੋ ਨਵੀਂ ਮਸ਼ੀਨਾਂ ਦੀ ਖਰੀਦ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਸ਼ਹਿਰ ਵਿੱਚ ਦਿੱਤੀ ਢਿੱਲ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ’ਚ ਮੁੱਖ ਤੌਰ ’ਤੇ ਹਰ ਸ਼ਹਿਰ ਵਾਸੀ ਵੱਲੋਂ ਅਰੋਗਿਆ ਸੇਤੂ ਐਪ ਡਾਉੂਨਲੋਡ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ’ਚ 3.42 ਲੱਖ ਵਿਅਕਤੀਆਂ ਵੱਲੋ ਅਰੋਗਿਆ ਸੇਤੂ ਐਪ ਡਾਉਨਲੋਡ ਕੀਤੀ ਗਈ ਹੈ।

Previous articleਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਤੇ ਕੇਂਦਰੀ ਗ੍ਰਹਿ ਸਕੱਤਰ ਖ਼ਿਲਾਫ਼ ਹੱਤਕ ਦੀ ਪਟੀਸ਼ਨ
Next articleਅਧਿਆਪਕਾਵਾਂ ਖ਼ਿਲਾਫ਼ ‘ਆਪਣਿਆਂ’ ਨੇ ਹੀ ਖੋਲ੍ਹਿਆ ਮੋਰਚਾ