ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਲਈ ਸਮੁੱਚਾ ਪਿੰਡ ਰਿਣੀ – ਕੁਲਵੰਤ ਯੂ ਕੇ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਦੀ ਖੁਸ਼ੀ ਵਿਚ ਪਿੰਡ ਧੁਦਿਆਲ ਦੀ ਡਾ. ਅੰਬੇਡਕਰ ਫੁੱਟਬਾਲ ਕਲੱਬ ਵਲੋਂ ਧੁਦਿਆਲ ਅਤੇ ਪਚਰੰਗਾ ਦੀ ਟੀਮ ਵਿਚਕਾਰ ਸ਼ੋ ਮੈਚ ਕਰਵਾਇਆ ਗਿਆ। ਇਸ ਮੈਚ ਦੇ ਪਹਿਲੇ ਹਾਫ਼ ਵਿਚ ਧੁਦਿਆਲ ਦੀ ਟੀਮ ਦੋ ਇਕ ਨਾਲ ਅੱਗੇ ਰਹੀ, ਜਦਕਿ ਦੂਜੇ ਹਾਫ਼ ਵਿਚ ਪਚਰੰਗਾ ਦੀ ਟੀਮ ਨੇ ਦੂਸਰਾ ਗੋਲ ਕਰਕੇ ਧੁਦਿਆਲ ਦੀ ਟੀਮ ਨਾਲ ਬਰਾਬਰੀ ਕਰ ਲਈ। ਇਸ ਤਰ੍ਹਾਂ ਦੋਨੋਂ ਟੀਮਾਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਬਰਾਬਰ ਰਹੀਆਂ।
ਜਿੰਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਯੂ ਕੇ ਵਲੋਂ ਫਰੂਟ ਅਤੇ ਠੰਡੇ ਦੇ ਲੰਗਰ ਛਕਾਇਆ ਗਿਆ। ਇਸ ਮੌਕੇ ਕੁਲਵੰਤ ਸਿੰਘ ਯੂ ਕੇ ਕਿਹਾ ਕਿ ਉਨ੍ਹਾਂ ਵਲੋਂ ਕੁਝ ਦਿਨ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਦੇ ਅਤੇ ਪਿੰਡ ਦੇ ਹੀ ਹੋਰ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵਿਸ਼ਾਲ ਹਾਕੀ ਤਿੰਨ ਦਿਨਾਂ ਟੂਰਨਾਮੈਂਟ ਕਰਵਾਇਆ ਗਿਆ। ਜਿਸ ਲਈ ਉਹ ਸਮੁੱਚੇ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਦੀ ਖੇਡ ਕਲੱਬ ਦੇ ਖਿਡਾਰੀਆਂ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਦੇ ਪੰਜ ਹੋਣਹਾਰ ਫੁੱਟਬਾਲ ਖਿਡਾਰੀ ਗੁਰਦਾਸਪੁਰ ਅਕੈਡਮੀ ਲਈ ਚੁਣੇ ਗਏ ਹਨ, ਜਿਸ ਲਈ ਡਾ. ਅੰਬੇਡਕਰ ਫੁੱਟਬਾਲ ਟੀਮ ਧੁਦਿਆਲ ਵਧਾਈ ਦੀ ਪਾਤਰ ਹੈ। ਉਨ੍ਹਾਂ ਵਲੋਂ ਇਸ ਮੌਕੇ ਸਮੁੱਚੇ ਖਿਡਾਰੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ-ਲੱਖ ਵਧਾਈ ਵੀ ਦਿੱਤੀ ਗਈ। ਇਸ ਮੌਕੇ ਫੁੱਟਬਾਲ ਕੋਚ ਕੋਮਲ ਦੂਹੜਾ, ਐਡਵੋਕੇਟ ਪਵਨ ਨਾਜਕਾ, ਹਾਕੀ ਕੋਚ ਸੁਖਬੀਰ ਸ਼ੀਰਾ, ਕੁਲਦੀਪ ਚੁੰਬਰ, ਉਂਕਾਰ ਰਾਣਾ, ਪੰਚ ਜਸਵੀਰ ਸਿੰਘ, ਦਲਜੀਤ ਸਿੰਘ ਗੋਲਡੀ, ਲੱਕੀ ਭਾਟੀਆ ਸਮੇਤ ਕਈ ਹੋਰ ਹਾਜ਼ਰ ਸਨ।