ਬਾਬਾ ਨਾਨਕ ਦਾ ਸਾਂਝੀਵਾਲਤਾ ਦਾ ਸੁਨੇਹਾ ਗੂੰਜਿਆ

550ਵੇਂ ਪ੍ਰਕਾਸ਼ ਪੁਰਬ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਨਸ਼ਿਆਂ ਅਤੇ ਪੌਣ-ਪਾਣੀ ਨਾਲ ਪਲੀਤ ਹੋਇਆ ਪੰਜਾਬ: ਡਾ. ਮਨਮੋਹਨ ਸਿੰਘ
ਗੁਰੂ ਨਾਨਕ ਸਮਾਜਿਕ ਬਰਾਬਰੀ ਦੇ ਚੈਂਪੀਅਨ: ਵੈਂਕਈਆ ਨਾਇਡੂ
ਕੈਪਟਨ ਵੱਲੋਂ ਵਾਤਾਵਰਨ ਪ੍ਰਦੂਸ਼ਣ ਦੇ ਪ੍ਰਭਾਵ ਤੋਂ ਬਚਾਉਣ ਦਾ ਸੱਦਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੀ ਕਰਮ ਭੂਮੀ ਮੰਨੇ ਜਾਂਦੇ ਪੰਜਾਬ ਦੀ ਜਵਾਨੀ ਦੇ ਨਸ਼ਿਆਂ ’ਚ ਗਲਤਾਨ ਹੋਣ, ਧਰਤੀ, ਪੌਣ ਅਤੇ ਪਾਣੀ ਦੇ ਜ਼ਹਿਰੀ ਹੋਣ ਅਤੇ ਲੋਕ ਗੀਤਾਂ ਦੀ ਸੰਸਕ੍ਰਿਤੀ ਦੇ ਤਬਾਹ ਹੋਣ ਨੇ ਸਾਬਤ ਕਰ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿੱਖਿਆ ਨੈਤਿਕ ਪਤਨ ਤੋਂ ਰੋਕਣ ਦਾ ਮੁੱਢ ਬੰਨ੍ਹਦੀ ਹੈ, ਉਸ ਤੋਂ ਅਸੀਂ ਦੂਰ ਹੋ ਗਏ ਹਾਂ। ਉਨ੍ਹਾਂ ਕਿਹਾ,‘‘ਦੁਨੀਆਂ ਦੇ ਸਾਹਮਣੇ ਫਿਰਕਾਪ੍ਰਸਤੀ ਅਤੇ ਕੱਟੜਵਾਦ ਇਸ ਵੇਲੇ ਸਭ ਤੋਂ ਵੱਡੀਆਂ ਚੁਣੌਤੀਆਂ ਹਨ ਤੇ ਇਨ੍ਹਾਂ ਚੁਣੌਤੀਆਂ ਨਾਲ ਲੜਾਈ ਗੁਰੂ ਨਾਨਕ ਦੇ ਫਲਸਫ਼ੇ ਨੂੰ ਜੀਵਨ ਦਾ ਹਿੱਸਾ ਬਣਾ ਕੇ ਹੀ ਲੜੀ ਜਾ ਸਕਦੀ ਹੈ। ਪੰਜਾਬ ਵਿੱਚੋਂ ਗੁਰੂ ਨਾਨਕ ਦੀ ਵਿਰਾਸਤ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਹੈ।’’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਪੰਜ ਸਦੀਆਂ ਪਹਿਲਾਂ ਇਸ ਧਰਤੀ ’ਤੇ ਗੁਰੂ ਨਾਨਕ ਦੇਵ ਨੇ ਧਰਮ, ਜੀਵਨ ਅਤੇ ਸਚਾਈ ਨੂੰ ਲੈ ਕੇ ਨਿਵੇਕਲੇ ਦ੍ਰਿਸ਼ਟੀਕੋਣ ਦੀ ਨੀਂਹ ਰਖਦਿਆਂ ਸੱਚੀ-ਸੁੱਚੀ ਜੀਵਨ ਜਾਚ ਦਾ ਮੰਤਵ ਸਿਖਾਇਆ ਅਤੇ ਆਦਰਸ਼ ਜੀਵਨ ਦਾ ਫਲਸਫ਼ਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਹੀ ਸਨ, ਜਿਨ੍ਹਾਂ ਘਰ ਗ੍ਰਹਿਸਥੀ ਨੂੰ ਲਾਜ਼ਮੀ ਕਰਾਰ ਦਿੱਤਾ ਤੇ ਅਧਿਆਤਮਵਾਦ ਦੇ ਰਾਹ ’ਤੇ ਚੱਲਣ ਵਾਲਿਆਂ ਨੂੰ ਵੀ ਨੇਕ ਕਮਾਈ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੂਰੂ ਨੇ ਧਰਮ ਦੇ ਨਾਮ ’ਤੇ ਐਸ਼ ਦਾ ਜੀਵਨ ਬਤੀਤ ਕਰਨ ਦਾ ਵਿਰੋਧ ਕੀਤਾ ਤੇ 18 ਸਾਲ ਕਰਤਾਰਪੁਰ ਸਾਹਿਬ ’ਚ ਖੇਤੀ ਕਰਨ ਤੋਂ ਪਹਿਲਾਂ ਮੱਝਾਂ ਵੀ ਚਰਾਈਆਂ ਅਤੇ ਨੌਕਰੀ ਵੀ ਕੀਤੀ। ਉਨ੍ਹਾਂ ਵੱਡੇ ਘਰਾਂ ਨੂੰ ਛੱਡ ਕੇ ਕਿਰਤੀਆਂ ਦੇ ਘਰ ਦਾ ਖਾਣਾ ਖਾਣ ਨੂੰ ਤਰਜੀਹ ਦਿੱਤੀ।
ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਦੀ ਅੱਜ ਵੀ ਓਨੀ ਹੀ ਪ੍ਰਸੰਗਿਕਤਾ ਹੈ ਜਿੰਨੀ ਪੰਜ ਸਦੀਆਂ ਪਹਿਲਾਂ ਸੀ ਜਿਸ ਨੂੰ ਅਪਣਾ ਕੇ ਸ਼ਾਂਤੀ ਅਤੇ ਵਿਕਾਸ ਦੀ ਨਵੀਂ ਦੁਨੀਆਂ ਦੀ ਖੋਜ ਕਰ ਸਕਦੇ ਹਾਂ। ਉਨ੍ਹਾਂ ਕਿਹਾ,‘‘ਗੁਰੂ ਨਾਨਕ ਦੇਵ ਜੀ ਸਮਾਜਿਕ ਬਰਾਬਰੀ ਦੇ ਚੈਂਪੀਅਨ ਸਨ ਜਿਨ੍ਹਾਂ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ। ਵਿਸ਼ਵ ਨੂੰ ਅੱਜ ਵੀ ਅਜਿਹੇ ਅਧਿਆਤਮਕ ਗੁਰੂਆਂ ਦੀ ਲੋੜ ਹੈ ਜਿਹੜੇ ਸ਼ਾਂਤੀ ਸਥਿਰਤਾ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਹਿੱਤ ਸਾਰਥਿਕ ਸੰਵਾਦ ਵਿੱਚ ਸ਼ਾਮਲ ਹੋ ਸਕਦੇ ਹੋਣ।’’ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਵਿੱਚ ਵਿਚਾਰਾਂ (ਗੋਸ਼ਟੀ) ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸਮਕਾਲੀ ਧਾਰਮਿਕ ਸੰਪਰਦਾਇ ਦੇ ਲੋਕਾਂ ਨਾਲ ਸੰਵਾਦ ਰਚਾਇਆ। ਸ੍ਰੀ ਨਾਇਡੂ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਵਿਧਾਇਕਾਂ ਨੂੰ ਇਕਸਾਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਦੇ ਸਿਧਾਂਤਾਂ ਅਨੁਸਾਰ ਲੋਕਾਂ ਦੀ ਸੇਵਾ ਕਰਕੇ ਮਿਸਾਲ ਕਾਇਮ ਕਰਨ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਹਰ ਵਿਅਕਤੀ ਨੂੰ ਰੋਜ਼ੀ ਰੋਟੀ ਕਮਾਉਣ ਅਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਜੋ ਅੱਜ ਵੀ ਪ੍ਰਭਾਵੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਅਤੇ ਸਿੱਖਿਆਵਾਂ ’ਤੇ ਚੱਲਦੇ ਹੋਏ ਸਾਨੂੰ ਸਾਰਿਆਂ ਨੂੰ ਆਪਣੀ ਖੁਸ਼ਹਾਲੀ ਹੋਰਨਾਂ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਦੇ ਪ੍ਰਭਾਵ ਤੋਂ ਬਚਾਉਣ ਦਾ ਸੱਦਾ ਦਿੱਤਾ। ਗੁਰੂ ਸਾਹਿਬ ਜੀ ਦੇ ਮਹਾਨ ਫਲਸਫ਼ੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕੁਦਰਤ ਤੇ ਮਨੁੱਖਤਾ ਦੇ ਵਿਚਕਾਰ ਆਪਸੀ ਅੰਤਰੀਵ ਸਾਂਝ ਨੂੰ ਦਰਸਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਫਲਸਫ਼ੇ ਦੀ ਭਾਵਨਾ ਨੂੰ ਕਾਇਮ ਰੱਖਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਕਾਰਨ ਫੈਲਦੀਆਂ ਘਾਤਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਮੌਜੂਦਾ ਸਮੇਂ ’ਚ ਕੌਮੀ ਰਾਜਧਾਨੀ ਸਮੇਤ ਸਮੁੱਚੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੇ ਹਵਾ ਪ੍ਰਦੂਸ਼ਣ ਦਾ ਜ਼ਿਕਰ ਵੀ ਕੀਤਾ। ਮੁੱਖ ਮੰਤਰੀ ਨੇ ਸਾਰਿਆਂ ਨੂੰ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਸਾਂਭਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਗੁਰੂ ਸਾਹਿਬ ਦੇ ਫਲਸਫ਼ੇ ਅਨੁਸਾਰ ਸਾਫ-ਸੁਥਰਾ, ਹਰਾ-ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਉਨ੍ਹਾਂ ਧਰਤੀ ਹੇਠਲੇ ਪਾਣੀ ਦੀ ਘੱਟ ਵਰਤੋਂ ਕਰਨ, ਪਾਣੀ ਦੀ ਘੱਟ ਵਰਤੋਂ ਵਾਲੀਆਂ ਫਸਲਾਂ ਪੈਦਾ ਕਰਨ, ਪਰਾਲੀ ਨਾ ਸਾੜਨ ਅਤੇ ਰਸਾਇਣਕ ਖਾਦਾਂ ਦੀ ਘੱਟ ਵਰਤੋਂ ’ਤੇ ਜ਼ੋਰ ਦਿੱਤਾ। ਪੰਜਾਬ ਵਿਧਾਨ ਸਭਾ ਵੱਲੋਂ ਬੁਲਾਏ ਗਏ ਇਸ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਪੰਜਾਬ ਦੇ ਸੰਸਦ ਮੈਂਬਰ, ਪੰਜਾਬ ਤੇ ਹਰਿਆਣਾ ਦੇ ਵਿਧਾਇਕ ਅਤੇ ਪੰਜਾਬ ਤੇ ਹਰਿਆਣਾ ਵਿਧਾਨ ਸਭਾਵਾਂ ਦੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਗਿਆਨ ਚੰਦ ਗੁਪਤਾ ਵੀ ਹਾਜ਼ਰ ਸਨ।

Previous articleBhumi: I am a different person from the characters I play
Next articleਪਰਾਲੀ: ਕਿਸਾਨਾਂ ਨੂੰ ਸੌ ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ