ਲਖਨਊ (ਸਮਾਜਵੀਕਲੀ) : 1992 ਦੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਸੀਨੀਅਰ ਭਾਜਪਾ ਆਗੂ ਕਲਿਆਣ ਸਿੰਘ ਅੱਜ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਏ।
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ (88) ਆਪਣੇ ਬਿਆਨ ਦਰਜ ਕਰਵਾਉਣ ਲਈ ਸੀਬੀਆਈ ਦੇ ਵਿਸ਼ੇਸ਼ ਜੱਜ ਦੀ ਅਦਾਲਤ ਵਿੱਚ ਪਹੁੰਚੇ। ਚੇਤੇ ਰਹੇ ਕਿ ਇਸ ਵੇਲੇ ਸੀਬੀਆਈ ਅਦਾਲਤ ਵੱਲੋਂ ਸੀਆਰਪੀਸੀ ਦੀ ਧਾਰਾ 313 (ਮੁਲਜ਼ਮਾਂ ਦੇ ਪਰੀਖਣ ਸਬੰਧੀ ਅਦਾਲਤ ਦਾ ਅਧਿਕਾਰ) ਤਹਿਤ 32 ਮੁਲਜ਼ਮਾਂ ਦੇ ਬਿਆਨ ਰਿਕਾਰਡ ਕੀਤੇ ਜਾ ਰਹੇ ਹਨ।
ਇਸ ਮਾਮਲੇ ’ਚ ਨਾਮਜ਼ਦ ਹੋਰਨਾਂ ਮੁਲਜ਼ਮਾਂ ਵਿੱਚ ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਅਤੇ ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਵੀ ਸ਼ਾਮਲ ਹਨ, ਜਿਨ੍ਹਾਂ ਦੇ ਬਿਆਨ ਰਿਕਾਰਡ ਕੀਤੇ ਜਾਣੇ ਅਜੇ ਬਾਕੀ ਹੈ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਅੱਗੇ ਪੇਸ਼ ਹੋਣ ਨੂੰ ਤਰਜੀਹ ਦੇਣਗੇ।