ਲਖਨਊ (ਸਮਾਜ ਵੀਕਲੀ) : ਬਾਬਰੀ ਮਸਜਿਦ ਢਾਹੁਣ ਦੇ ਕੇਸ ਸਬੰਧੀ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਭਾਜਪਾ ਦੇ ਸੀਨੀਅਰ ਆਗੂ ਐੱਲ.ਕੇ. ਅਡਵਾਨੀ ਨੇ ਆਪਣਾ ਬਿਆਨ ਦਰਜ ਕਰਵਾਇਆ।
92 ਵਰ੍ਹਿਆਂ ਦੇ ਸਾਬਕਾ ਊਪ ਪ੍ਰਧਾਨ ਮੰਤਰੀ ਦਾ ਬਿਆਨ ਵੀਡੀਓ ਕਾਨਫਰੰਸਿੰਗ ਜ਼ਰੀੲੇ ਵਿਸ਼ੇਸ਼ ਜੱਜ ਐੱਸ.ਕੇ. ਯਾਦਵ ਦੀ ਅਦਾਲਤ ਵਿੱਚ ਊਨ੍ਹਾਂ ਦੇ ਵਕੀਲ ਵਿਮਲ ਕੁਮਾਰ ਸ੍ਰੀਵਾਸਤਵ, ਕੇਕੇ ਮਿਸ਼ਰਾ ਅਤੇ ਅਭਿਸ਼ੇਕ ਰੰਜਨ ਦੀ ਅਦਾਲਤ ਵਿੱਚ ਮੌਜੂਦਗੀ ਦੌਰਾਨ ਦਰਜ ਕੀਤਾ ਗਿਆ। ਇਸ ਮੌਕੇ ਸੀਬੀਆਈ ਦੇ ਵਕੀਲ ਲਲਿਤ ਸਿੰਘ, ਪੀ. ਚੱਕਰਵਰਤੀ ਅਤੇ ਆਰ.ਕੇ. ਯਾਦਵ ਵੀ ਹਾਜ਼ਰ ਸਨ।
ਵੀਰਵਾਰ ਨੂੰ ਕੇਸ ਸਬੰਧੀ ਅਦਾਲਤ ਵਿੱਚ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਦਾ ਬਿਆਨ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਅਯੁੱਧਿਆ ਵਿੱਚ 6 ਦਸੰਬਰ, 1992 ਨੂੰ ‘ਕਾਰ ਸੇਵਕਾਂ’ ਨੇ ਮਸਜਿਦ ਢਾਹ ਦਿੱਤੀ ਸੀ, ਜਿਨ੍ਹਾਂ ਦਾ ਦਾਅਵਾ ਸੀ ਕਿ ਇਸ ਥਾਂ ’ਤੇ ਪੁਰਾਤਨ ਰਾਮ ਮੰਦਰ ਸਥਿਤ ਸੀ।
ਅਡਵਾਨੀ ਅਤੇ ਜੋਸ਼ੀ ਊਸ ਵੇਲੇ ਰਾਮ ਮੰਦਰ ਲਹਿਰ ਦੀ ਅਗਵਾਈ ਕਰ ਰਹੇ ਸਨ। ਸੁਪਰੀਮ ਕੋਰਟ ਵਲੋਂ 31 ਅਗਸਤ ਤੱਕ ਕੇਸ ਦੀ ਸੁਣਵਾਈ ਮੁਕੰਮਲ ਕਰਨ ਦੇ ਦਿੱਤੇ ਆਦੇਸ਼ਾਂ ਕਾਰਨ ਅਦਾਲਤ ਵਲੋਂ ਰੋਜ਼ਾਨਾ ਇਸ ਕੇਸ ’ਤੇ ਸੁਣਵਾਈ ਕੀਤੀ ਜਾ ਰਹੀ ਹੈ।