ਪਟਿਆਲਾ (ਸਮਾਜਵੀਕਲੀ): ਬਾਦਲਕਿਆਂ ਤੇ ਟੌਹੜਿਆਂ ਦਾ ਸਿਆਸੀ ਮਿਲਾਪ ਇੱਕ ਵਾਰ ਫਿਰ ਪੀਢਾ ਹੋਣ ਲੱਗਾ ਹੈ। ਪਾਰਟੀ ਦੇ ਐਲਾਨੇ ਨਵੇਂ ਜਥੇਬੰਦਕ ਢਾਂਚੇ ਵਿੱਚ ਪੰਥ ਰਤਨ ਸਵ.ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰਿਵਾਰ ਦੇ ਮੁਖੀ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਮੁੜ ਸੌਂਪਿਆ ਗਿਆ ਹੈ।
ਦਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੌਹੜਾ ਪਰਿਵਾਰ ਨੇ ਸ਼ੋ੍ਮਣੀ ਅਕਾਲੀ ਦਲ ਤੋਂ ਬਗਾਵਤ ਕਰਦਿਆਂ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ ਸੀ, ਅਜਿਹੇ ’ਚ ਦਹਾਕਿਆਂ ਤੋਂ ਬਾਦਲਾਂ ਤੇ ਟੌਹੜਿਆਂ ਦੀ ਸਿਆਸੀ ਸਾਂਝ ਨੂੰ ਵੱਡੀ ਸੱਟ ਵੱਜੀ ਸੀ। ਪ੍ਰੰਤੂ ਹੁਣ ਦੁਬਾਰਾ ਦੋਵੇਂ ਉਘੇ ਸਿਆਸੀ ਪਰਿਵਾਰ ਰਾਜਸੀ ਪੱਖ ਤੋਂ ਫਿਰ ਘਿਉ ਖਿਚੜੀ ਹੁੰਦੇ ਵਿਖਾਈ ਦੇ ਰਹੇ ਹਨ।
ਪਿਛਲੇ ਸਾਲ ਰਲੇਵੇਂ ਮਗਰੋਂ ਵੀ ਭਾਵੇਂ ਪਾਰਟੀ ਪ੍ਰਧਾਨ ਨੇ ਸਾਬਕਾ ਮੰਤਰੀ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਸੀ, ਪ੍ਰੰਤੂ ਹੁਣ ਉਘੇ ਤੇ ਘਾਗ ਅਕਾਲੀ ਆਗੂਆਂ ਦੀ ਸੀਨੀਅਰ ਮੀਤ ਪ੍ਰਧਾਨਾਂ ਵਾਲੀ ਸੂਚੀ ’ਚ ਮੁੜ ਟੌਹੜਾ ਨੂੰ ਥਾਂ ਦੇ ਕੇ ਇੱਕ ਤਰ੍ਹਾਂ ਸਮੁੱਚੇ ਪਟਿਆਲਾ ਜ਼ਿਲੇ ’ਚੋਂ ਵਕਾਰੀ ਅਹੁਦਾ ਦਿੱਤਾ ਹੈ।
ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਉਘੇ ਤੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੀ ਭਾਵੇਂ ਸੀਨੀਅਰ ਮੀਤ ਪ੍ਰਧਾਨ ਐਲਾਨੇ ਗਏ ਹਨ, ਪ੍ਰੰਤੂ ਪਾਰਲੀਮਾਨੀ ਹਲਕੇ ਪੱਖੋਂ ਉਹ ਪਟਿਆਲਾ ਤੋਂ ਬਾਹਰਲੇ ਵੀ ਮੰਨੇ ਜਾ ਸਕਦੇ ਹਨ, ਕਿਉਂਕਿ ਚੰਦੂਮਾਜਰਾ ਲੋਕ ਸਭਾ ਚੋਣ ਰੋਪੜ ਤੋਂ ਲੜ ਰਹੇ ਹਨ। ਪਾਰਟੀ ਦੇ ਪਟਿਆਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਭਾਵੇਂ ਪਾਰਟੀ ਦੇ ਉਚ ਕੱਦ ਵਾਲੀ ਕੋਰ ਕਮੇਟੀ ’ਚ ਸ਼ਾਮਲ ਹਨ, ਪ੍ਰੰਤੂ ਜਥੇਬੰਦਕ ਢਾਂਚੇ ਦੇ ਅਹਿਮ ਅਹੁਦਿਆਂ ‘ਚ ਉਨ੍ਹਾਂ ਦਾ ਨਾਂ ਸ਼ਾਮਲ ਨਹੀ ਹੈ।