ਮਕਬੂਲ ਅਹਿਮਦਕਾਦੀਆਂ (ਸਮਾਜ ਵੀਕਲੀ) :ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਿਜਲੀ ਖ਼ਰੀਦ ਸਮਝੌਤੇ ਨੂੰ ਰੱਦ ਕਰਨ ਦੇ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਨਿੱਜੀ ਬਿਜਲੀ ਉਤਪਾਦਕ (ਆਈ.ਪੀ.ਪੀਜ਼.) ਕੰਪਨੀਆਂ ਨਾਲ ਕੀਤੇ ਸਮਝੌਤੇ ਇੱਕਪਾਸੜ ਅਤੇ ਲੋਕਮਾਰੂ ਹਨ।
ਇਹ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਲਦ ਦੇ ਦਿਮਾਗ਼ ਦੀ ਕਾਢ ਸਨ। ਉਨ੍ਹਾਂ ਲਿਖਿਆ ਕਿ ਤਿੰਨ ਨਿੱਜੀ ਮਲਕੀਅਤ ਵਾਲੇ ਥਰਮਲ ਬਿਜਲੀ ਉਤਪਾਦਨ ਪਲਾਂਟ ਪੰਜਾਬ ਲਈ ਚਿੱਟੇ ਹਾਥੀ ਸਾਬਿਤ ਹੋਏ ਹਨ। ਇਨ੍ਹਾਂ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਜਦੋਂਕਿ ਕੁਝ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਦਿੱਤਾ ਹੈ। ਇਹ ਸਮਝੌਤੇ ਇਸ ਢੰਗ ਨਾਲ ਤਿਆਰ ਕੀਤੇ ਗਏ ਹਨ ਕਿ ਇਹ ਨਿੱਜੀ ਕੰਪਨੀਆਂ ਨੂੰ 25 ਸਾਲਾਂ ਵਿੱਚ 65,000 ਕਰੋੜ ਰੁਪਏ ਦੀ ਸਬਸਿਡੀ ਯਕੀਨੀ ਬਣਾਉਂਦੇ ਹਨ।
ਸ੍ਰੀ ਬਾਜਵਾ ਨੇ ਲਿਖਿਆ ਹੈ ਕਿ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਕੋਲੇ ਦੀ ਘਾਟ ਕਾਰਨ 3 ਨਵੰਬਰ ਤੋਂ ਬੰਦ ਪਿਆ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਅਤੇ ਨਾਭਾ ਵਿਚਲੇ ਦੋ ਪ੍ਰਾਈਵੇਟ ਥਰਮਲ ਪਲਾਂਟਾਂ ਨੇ ਪਹਿਲਾਂ ਹੀ ਇਸੇ ਕਾਰਨ ਕਰ ਕੇ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਨੇ ਸਮਝੌਤਿਆਂ ਅਨੁਸਾਰ ਕੋਲੇ ਦੇ 30 ਦਿਨਾਂ ਦੇ ਸਟਾਕ ਰੱਖਣ ਬਾਰੇ ਲਾਜ਼ਮੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ। ਪਾਵਰਕੌਮ ਨੇ ਇਨ੍ਹਾਂ ਫਰਮਾਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਸ੍ਰੀ ਬਾਜਵਾ ਨੇ ਲਿਖਿਆ ਹੈ ਕਿ ਉਨ੍ਹਾਂ ਆਪਣੀ ਪਾਰਟੀ ਦੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਸਰੋਤਾਂ ’ਤੇ ਸਰਮਾਏਦਾਰਾਂ ਦੇ ਕਬਜ਼ੇ ਨੂੰ ਤੋੜ ਦੇਣਗੇ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਕੁੱਝ ਲੋਕਾਂ ਦੇ ਹੱਥ ਵੇਚ ਦਿੱਤਾ ਹੈ। ਇਸ ਨਾਲ ਲੋਕ ਜ਼ਰੂਰੀ ਸੇਵਾਵਾਂ ਲਈ ਪ੍ਰਾਈਵੇਟ ਕੰਪਨੀਆਂ ’ਤੇ ਨਿਰਭਰ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਸਰਕਾਰ ਨਾਲ ਕੀਤੇ ਵਾਅਦੇ ਤੋੜੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤਿਆਂ ’ਤੇ ਮੁੜ ਵਿਚਾਰ ਜਾਂ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਨੂੰ ਕੋਲੇ ਦੇ ਸਟਾਕਾਂ ਬਾਰੇ ਲਾਜ਼ਮੀ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਇਨ੍ਹਾਂ ਕੰਪਨੀਆਂ ਖ਼ਿਲਾਫ਼ ਕਾਰਵਾਈ ਦੀ ਹਦਾਇਤ ਕੀਤੀ ਜਾਵੇ।