ਕੇਂਦਰ ਵੱਲੋਂ 6 ਸੂਬਿਆਂ ਨੂੰ 4,382 ਕਰੋੜ ਰੁਪਏ ਦੀ ਸਹਾਇਤਾ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਉੱਚ ਪੱਧਰੀ ਕਮੇਟੀ ਨੇ ਛੇ ਸੂਬਿਆਂ ਨੂੰ ਕਰੀਬ 4,382 ਕਰੋੜ ਰੁਪਏ ਦੀ ਸਹਾਇਤਾ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਨੂੰ ਇਸ ਸਾਲ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਫੰਡ ਪੱਛਮੀ ਬੰਗਾਲ, ਉੜੀਸਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਸਿੱਕਮ ਨੂੰ ਜਾਰੀ ਕੀਤੇ ਜਾਣਗੇ। ਇਨ੍ਹਾਂ ਸੂਬਿਆਂ ’ਚ ਤੂਫ਼ਾਨ, ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਭਾਰੀ ਤਬਾਹੀ ਹੋਈ ਹੈ।

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ,‘‘ਉੱਚ ਪੱਧਰੀ ਕਮੇਟੀ ਨੇ ਛੇ ਸੂਬਿਆਂ ਨੂੰ ਕੌਮੀ ਆਫ਼ਤ ਪ੍ਰਬੰਧਨ ਫੰਡ (ਐੱਨਡੀਆਰਐੱਫ) ’ਚੋਂ 4,381.88 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ।’’ ਇਨ੍ਹਾਂ ਛੇ ਸੂਬਿਆਂ ’ਚ ਆਫ਼ਤਾਂ ਦੇ ਤੁਰੰਤ ਮਗਰੋਂ ਕੇਂਦਰ ਸਰਕਾਰ ਨੇ ਅੰਤਰ ਮੰਤਰਾਲਾ ਕੇਂਦਰੀ ਟੀਮਾਂ ਭੇਜੀਆਂ ਸਨ। ਪ੍ਰਭਾਵਿਤ ਸੂਬਿਆਂ ਤੋਂ ਕੋਈ ਫਰਿਆਦ ਮਿਲਣ ਦੀ ਉਡੀਕ ਕੀਤੇ ਬਿਨਾਂ ਇਨ੍ਹਾਂ ਸੂਬਿਆਂ ’ਚ ਇਹ ਟੀਮਾਂ ਹਾਲਾਤ ਦਾ ਜਾਇਜ਼ਾ ਲੈਣ ਲਈ ਪਹੁੰਚ ਗਈਆਂ ਸਨ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਵਿੱਤੀ ਵਰ੍ਹੇ 2020-21 ਦੌਰਾਨ ਹੁਣ ਤੱਕ ਐੱਸਡੀਆਰਐੱਫ ’ਚੋਂ 28 ਸੂਬਿਆਂ ਨੂੰ 15,524.43 ਕਰੋੜ ਰੁਪਏ ਜਾਰੀ ਕੀਤੇ ਹਨ। ਪੱਛਮੀ ਬੰਗਾਲ ਲਈ 2,707.77 ਕਰੋੜ, ਉੜੀਸਾ ਲਈ 128.23 ਕਰੋੜ, ਮਹਾਰਾਸ਼ਟਰ ਲਈ 268.59 ਕਰੋੜ, ਕਰਨਾਟਕ ਲਈ 577.84 ਕਰੋੜ, ਮੱਧ ਪ੍ਰਦੇਸ਼ ਲਈ 611.61 ਕਰੋੜ ਅਤੇ ਸਿੱਕਮ ਲਈ 87.84 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Previous articleਖੇਤੀ ਕਾਨੂੰਨਾਂ ਖ਼ਿਲਾਫ਼ ਧਰਨਿਆਂ ਦੌਰਾਨ ਦੋ ਕਿਸਾਨਾਂ ਦੀ ਮੌਤ
Next articleਬਾਜਵਾ ਨੇ ਬਿਜਲੀ ਸਮਝੌਤੇ ਰੱਦ ਕਰਨ ਲਈ ਕੈਪਟਨ ਨੂੰ ਪੱਤਰ ਲਿਖਿਆ