ਬਾਇਡਨ ਵੱਲੋਂ ਜਲਵਾਯੂ ਪਰਿਵਰਤਨ ਟੀਮ ਦਾ ਗਠਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਜਲਵਾਯੂ ਪਰਿਵਰਤਨ ਅਤੇ ਊਰਜਾ ਖੇਤਰ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਟੀਮ ਨੇ ਕਿਹਾ ਕਿ ਉਹ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਨਾਲ ਸਿੱਝਣ ’ਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਕਾਂਗਰਸਵਿਮੈੱਨ ਡੇਬ ਹਾਲਾਂਡ ਨੂੰ ਗ੍ਰਹਿ ਮਾਮਲਿਆਂ ਦਾ ਮੰਤਰੀ, ਜੈਨੀਫਰ ਗ੍ਰਾਨਹੋਮ ਨੂੰ ਊਰਜਾ ਮੰਤਰੀ, ਮਾਈਕਲ ਰੀਗਨ ਨੂੰ ਵਾਤਾਵਰਨ ਸੁਰੱਖਿਆ ਏਜੰਸੀ ਦਾ ਪ੍ਰਸ਼ਾਸਕ ਅਤੇ ਬ੍ਰੈਂਡਾ ਮੈਲੋਰੀ ਨੂੰ ਵਾਤਾਵਰਨ ਗੁਣਵੱਤਾ ਬਾਰੇ ਪਰਿਸ਼ਦ ਦਾ ਮੁਖੀ ਨਾਮਜ਼ਦ ਕੀਤਾ ਹੈ। ਬਾਇਡਨ ਨੇ ਵੀਰਵਾਰ ਨੂੰ ਜੀਨਾ ਮੈਕਾਰਥੀ ਨੂੰ ਕੌਮੀ ਜਲਵਾਯੂ ਸਲਾਹਕਾਰ ਅਤੇ ਅਲੀ ਜ਼ੈਦੀ ਨੂੰ ਕੌਮੀ ਜਲਵਾਯੂ ਉਪ ਸਲਾਹਕਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਬਾਇਡਨ ਪ੍ਰਸ਼ਾਸਨ ’ਚ ਜ਼ੈਦੀ ਸਭ ਤੋਂ ਵੱਡਾ ਅਹੁਦਾ ਹਾਸਲ ਕਰਨ ਵਾਲੇ ਪਾਕਿਸਤਾਨੀ ਮੂਲ ਦੇ ਅਮਰੀਕੀ ਅਧਿਕਾਰੀ ਹਨ।

ਬਾਇਡਨ ਨੇ ਇਕ ਬਿਆਨ ’ਚ ਕਿਹਾ ਕਿ ਇਹ ਟੀਮ ਪਹਿਲੇ ਦਿਨ ਤੋਂ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਨਾਲ ਨਜਿੱਠਣਾ ਸ਼ੁਰੂ ਕਰ ਦੇਵੇਗੀ ਅਤੇ ਇਸ ਦੇ ਕਦਮ ਸਾਇੰਸ ਅਤੇ ਬਰਾਬਰੀ ’ਤੇ ਆਧਾਰਿਤ ਹੋਣਗੇ। ਬਾਇਡਨ ਨੇ ਕਿਹਾ ਹੈ ਕਿ ਉਹ ਜਲਵਾਯੂ ਸੰਕਟ ਨਾਲ ਸਿੱਝਣ, ਆਬੋ-ਹਵਾ ਸਾਫ਼ ਰੱਖਣ ਅਤੇ ਵਾਤਾਵਰਨ ਦੇ ਨੁਕਸਾਨ ਦਾ ਬੋਝ ਝੱਲਣ ਵਾਲਿਆਂ ਨੂੰ ਇਨਸਾਫ਼ ਦਿਵਾਉਣਾ ਚਾਹੁਣਗੇ। ਉਨ੍ਹਾਂ ਕਿਹਾ ਹੈ ਕਿ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਅਮਰੀਕਾ ਪੈਰਿਸ ਜਲਵਾਯੂ ਪਰਿਵਰਤਨ ਸਮਝੌਤੇ ’ਚ ਸ਼ਾਮਲ ਹੋ ਜਾਵੇਗਾ।

Previous articleਇਰਾਨ ਨੇ ਜ਼ਮੀਨਦੋਜ਼ ਪ੍ਰਮਾਣੂ ਕੇਂਦਰ ’ਚ ਉਸਾਰੀ ਆਰੰਭੀ
Next articleਕੋਕਾ ਕੋਲਾ ਵੱਲੋਂ 2200 ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ