ਬਹੁਤੇ ਕਸ਼ਮੀਰੀ ਧਾਰਾ 370 ਹਟਾਉਣ ਦੇ ਪੱਖ ’ਚ: ਡੋਵਾਲ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ‘ਪੂਰੀ ਤਰ੍ਹਾਂ ਨਾਲ ਆਸਵੰਦ’ ਹਨ ਕਿ ਬਹੁਤੇ ਕਸ਼ਮੀਰੀ ਧਾਰਾ 370 ਨੂੰ ਹਟਾਏ ਜਾਣ ਦੇ ਪੱਖ ’ਚ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਸ਼ਮੀਰ ’ਚ ਪਾਬੰਦੀਆਂ ਦਾ ਮਕਸਦ ਪਾਕਿਸਤਾਨ ਨੂੰ ਅਤਿਵਾਦ ਜ਼ਰੀਏ ਉਸ ਦੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ,‘‘ਧਾਰਾ 370 ਵਿਸ਼ੇਸ਼ ਦਰਜਾ ਨਹੀਂ ਸੀ। ਇਹ ਵਿਸ਼ੇਸ਼ ਕਿਸਮ ਦਾ ਵਿਤਕਰਾ ਸੀ। ਇਸ ਨੂੰ ਹਟਾ ਕੇ ਅਸੀਂ ਕਸ਼ਮੀਰੀ ਲੋਕਾਂ ਨੂੰ ਹੋਰ ਭਾਰਤੀਆਂ ਦੇ ਬਰਾਬਰ ਲੈ ਕੇ ਆਏ ਹਾਂ।’’
ਸ੍ਰੀ ਡੋਵਾਲ ਨੇ ਦਹਿਸ਼ਤਗਰਦਾਂ ਦੀ ਗੱਲਬਾਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਾਕਿਸਤਾਨੀ ਆਕਾਵਾਂ ਨੇ ਕਿਹਾ ਹੈ ਕਿ ਜੇਕਰ ਉਹ ਵਾਦੀ ’ਚ ਅਸ਼ਾਂਤੀ ਨਹੀਂ ਫੈਲਾ ਸਕਦੇ ਹਨ ਤਾਂ ਉਨ੍ਹਾਂ ਨੂੰ ਹੱਥਾਂ ’ਚ ਪਾਉਣ ਲਈ ਚੂੜੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਰਹੱਦ ਦੇ 20 ਕਿਲੋਮੀਟਰ ਦੇ ਘੇਰੇ ’ਚ ਪਾਕਿਸਤਾਨੀ ਟਾਵਰ ਲੱਗੇ ਹੋਏ ਜਿਨ੍ਹਾਂ ਤੋਂ ਅਤਿਵਾਦੀਆਂ ਨੂੰ ਸੁਨੇਹੇ ਭੇਜੇ ਜਾ ਰਹੇ ਹਨ। ਉਨਾਂ ਕਿਹਾ ਕਿ ਪਾਕਿਸਤਾਨੀ ਆਕਾਵਾਂ ਨੇ ਅਤਿਵਾਦੀਆਂ ਨੂੰ ਕਿਹਾ ਹੈ ਕਿ ਕਸ਼ਮੀਰ ’ਚ ਸੇਬਾਂ ਦੇ ਕਈ ਟਰੱਕ ਮੁਲਕ ਦੇ ਹੋਰ ਹਿੱਸਿਆਂ ’ਚ ਜਾਂਦੇ ਹਨ ਤਾਂ ਕੀ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ। ‘ਕੀ ਅਸੀਂ ਤੁਹਾਨੂੰ ਬੰਦੂਕਾਂ ਦੀ ਬਜਾਏ ਚੂੜੀਆਂ ਭੇਜੀਏ।’ ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਲਹਿਜੇ ’ਚ ਪੰਜਾਬੀ ਅਤਿਵਾਦੀਆਂ ਦੀ ਭਾਲ ਜਾਰੀ ਹੈ। ਖ਼ੁਫ਼ੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ’ਚ 230 ਅਤਿਵਾਦੀ ਹਨ ਜਿਨ੍ਹਾਂ ’ਚੋਂ ਕੁਝ ਇਥੇ ਅਸ਼ਾਂਤੀ ਫੈਲਾਉਣ ਲਈ ਸਰਹੱਦ ਪਾਰ ਕਰ ਕੇ ਆ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਉਪਰਾਲੇ ਕਰੇਗੀ।
ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਡੋਵਾਲ ਨੇ ਕਿਹਾ ਕਿ ਕਸ਼ਮੀਰ, ਜੰਮੂ ਅਤੇ ਲੱਦਾਖ਼ ’ਚ 199 ਪੁਲੀਸ ਜ਼ਿਲ੍ਹਿਆਂ ’ਚੋਂ ਸਿਰਫ਼ 10 ’ਚ ਪਾਬੰਦੀਆਂ ਵਾਲੇ ਹੁਕਮ ਲਾਗੂ ਹਨ ਜਦਕਿ ਸਾਰੇ ਇਲਾਕਿਆਂ ’ਚ ਲੈਂਡਲਾਈਨ ਫੋਨ ਸੇਵਾਵਾਂ ਪੂਰੀ ਤਰ੍ਹਾਂ ਨਾਲ ਬਹਾਲ ਕਰ ਦਿੱਤੀਆਂ ਗਈਆਂ ਹਨ।ਆਗੂਆਂ ਦੀ ਨਜ਼ਰਬੰਦੀ ਬਾਰੇ ਉਨ੍ਹਾਂ ਕਿਹਾ ਕਿ ਇਹਤਿਆਤ ਵਜੋਂ ਕਾਨੂੰਨ ਮੁਤਾਬਕ ਇਹ ਕਦਮ ਉਠਾਇਆ ਗਿਆ ਹੈ ਜਿਸ ਦਾ ਅਰਥ ਹੈ ਕਿ ਸਰਕਾਰ ਅਦਾਲਤਾਂ ਪ੍ਰਤੀ ਜਵਾਬਦੇਹ ਹੈ ਅਤੇ ਜੇਕਰ ਕੋਈ ਵਧੀਕੀ ਹੁੰਦੀ ਹੈ ਤਾਂ ਉਸ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਧਾਰਾ 370 ਹਟਾਉਣ ਨਾਲ ਬਿਹਤਰ ਮੌਕੇ ਪੈਦਾ ਹੋਣਗੇ ਅਤੇ ਨੌਜਵਾਨਾਂ ਨੂੰ ਵਧੇਰੇ ਨੌਕਰੀਆਂ ਮਿਲਣਗੀਆਂ। ਭਾਰਤੀ ਅਤੇ ਵਿਦੇਸ਼ੀ ਮੀਡੀਆ ਨੂੰ ਸੰਬੋਧਨ ਹੁੰਦਿਆਂ ਸ੍ਰੀ ਡੋਵਾਲ ਨੇ ਕਿਹਾ ਕਿ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਲੋਕ ਘੱਟ ਹਨ। ‘ਲੋਕਾਂ ਨੂੰ ਜਾਪਦਾ ਹੈ ਕਿ ਇਹ ਉਨ੍ਹਾਂ ਦੀ ਆਵਾਜ਼ ਹੈ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ ’ਚ ਸੰਕਟ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਜੋ ਉਸ ਦੇ ਭਾਰਤ ਵਿਰੋਧੀ ਕੂੜ ਪ੍ਰਚਾਰ ਨੂੰ ਸਹਾਇਤਾ ਮਿਲੇ।

Previous articleਪੰਜਾਬ ਬੰਦ ਦੌਰਾਨ ਨਕੋਦਰ ’ਚ ਗੋਲੀ ਚੱਲੀ, ਦੋ ਜ਼ਖ਼ਮੀ
Next articleਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਦੋ ਰੇਲਵੇ ਫਾਟਕ ਰਹਿਣਗੇ ਬੰਦ- ਡਿਪਟੀ ਕਮਿਸ਼ਨਰ