20 ਅਪ੍ਰੈਲ 2019 ਸ਼ਨੀਵਾਰ ਨੂੰ ਬਰਮਿੰਘਮ ਦੇ ਹੈਂਡਜਵਰਥ ਇਲਾਕੇ ਵਿਚ THE VILLAGE HALL ਵਿਖੇ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਸੱਦੇ ਤੇ 200 ਦੇ ਕਰੀਬ ਲੋਕਾਂ ਨੇ ਇਕੱਠੇ ਹੋ ਕੇ ਹਿੰਦੁਸਤਾਨ ਵਿਚ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ 1919 ਨੂੰ ਵਿਸਾਖੀ ਵਾਲੇ ਦਿਨ ਬਰਤਾਨਵੀ ਸਰਕਾਰ ਵੱਲੋਂ ਕਤਲ ਕੀਤੇ ਸ਼ਹੀਦਾਂ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਰੱਖ ਕੇ ਅਤੇ ਸ਼ਹੀਦਾਂ ਦੇ ਨਾਮ ਬੋਲ ਕੇ ਸ਼ਰਧਾਂਜਲੀ ਦਿੱਤੀ । ਇਸ ਸ਼ਰਧਾਂਜਲੀ ਸਮਾਗਮ ਵਿਚ ਆਏ ਲੋਕਾਂ ਵਿਚ ਸ਼ਹੀਦਾਂ ਲਈ ਸਤਿਕਾਰ ਅਤੇ ਪਿਆਰ ਦਾ ਪਤਾ ਇਸ ਗੱਲ ਤੋਂ ਲਗਦਾ ਸੀ ਕਿ ਢਾਈ ਘੰਟੇ ਦੇ ਸਮਾਗਮ ਵਿਚ ਲੋਕ ਸਿਰ ਜੋੜ ਕੇ ਬੈਠੇ ਰਹੇ । ਪ੍ਰਧਾਨ ਸ਼ੀਰਾ ਜੌਹਲ ਨੇ ਜਲਸੇ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਹੱਕਾਂ ਲਈ ਲੜਦੇ ਨਿਹੱਥੇ ਲੋਕਾਂ ਦੇ ਕਤਲੇਆਮ ਦੀ ਬ੍ਰਿਟਿਸ਼ ਸਰਕਾਰ ਤੋਂ ਮੁਆਫੀ ਮੰਗਵਾ ਕੇ ਦਮ ਲਵੇਗੀ ਅਤੇ 13 ਅਪ੍ਰੈਲ 1919 ਦੇ ਸ਼ਹੀਦਾਂ ਨਾਲ ਇਨਸਾਫ ਲਈ ਘੋਲ ਜਾਰੀ ਰੱਖੇਗੀ ।
ਬ੍ਰਿਟਿਸ਼ ਸਰਕਾਰ ਦੀ ਪ੍ਰਧਾਨ ਮੰਤਰੀ ਟੇਰੇਸਾ ਮੇਅ ਨੇ ਜਲਿਆਂਵਾਲੇ ਬਾਗ ਦੇ ਕਤਲੇਆਮ ਤੇ ਓਪਰਾ ਜਿਹਾ ਅਫ਼ਸੋਸ ਤਾਂ ਜਾਹਰ ਕੀਤਾ ਹੈ ਪਰ ਸਰਕਾਰੀ ਮੁਆਫੀ ਨਹੀਂ ਮੰਗੀ ।
ਸਟੇਜ ਸੈਕਟਰੀ ਭਗਵੰਤ ਸਿੰਘ ਨੇ ਹਾਜਰ ਲੋਕਾਂ ਨੂੰ ਦੱਸਿਆ ਕਿ ਹਾਕਮ ਜਮਾਤਾਂ ਹੱਕਾਂ ਲਈ ਲੜਦੇ ਲੋਕਾਂ ਨੂੰ ਦਬਾਉਣ ਲੱਗਿਆਂ ਆਪਣਾ ਪਰਾਇਆ ਨਹੀਂ ਦੇਖਦੀਆਂ । ਜਲਿਆਂਵਾਲੇ ਬਾਗ ਦੇ ਕਤਲੇਆਮ ਨਾਲ ਮਿਲਦੀ ਜੁਲਦੀ ਘਟਨਾ ਦਾ ਜਿਕਰ ਕਰਦਿਆਂ ਭਗਵੰਤ ਸਿੰਗ ਹੁਰਾਂ ਦੱਸਿਆ ਕਿ ਇਸ ਘਟਨਾ ਤੋਂ ਵੀ ਸੌ ਸਾਲ ਪਹਿਲਾਂ 16 ਅਗਸਤ 1819 ਨੂੰ ਬਰਤਾਨੀਆਂ ਦੇ ਮਾਨਚੈਸਟਰ ਸ਼ਹਿਰ ਵਿਚ ਹੱਕਾਂ ਲਈ ਲੜਦੇ 60000 ਨਿਹੱਥੇ ਲੋਕਾਂ ਤੇ ਅੰਨੇ-ਵਾਹ ਗੋਲੀਆਂ ਚਲਾ ਕੇ 15 ਮਜਦੂਰਾਂ ਨੂੰ ਸ਼ਹੀਦ ਕੀਤਾ ਗਿਆ ਸੀ ਜੋ ਕਿ ਪੀਟਰਲੂ ਕਤਲੇਆਮ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ । ਪੀਟਰਲੂ ਕਤਲੇਆਮ ਯਾਦਗਾਰੀ ਮੁਹਿੰਮ ਦੇ ਨੁਮਾਇੰਦੇ ਪਾਲ ਫਿਟਜ਼ਜੈਰਲਡ ਨੇ ਇਸ ਕਤਲੇਆਮ ਦੇ ਪਿਛੋਕੜ ਅਤੇ ਵਿਰਾਸਤ ਬਾਰੇ ਦੱਸਿਆ । ਕਾਮਰੇਡ ਰਣਜੀਤ ਬਰਾੜ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਦੁਨੀਆਂ ਦੀ ਅੱਧੀ ਦੌਲਤ ਦੇ ਮਾਲਕ ਸਿਰਫ਼ ਛੇ ਪਰਿਵਾਰ ਲੋਕਾਂ ਨੂੰ ਗਰੀਬੀ ਵੱਲ ਧੱਕ ਰਹੇ ਹਨ ।
ਰਜਿੰਦਰ ਦੂਲੇ ਨੇ ਆਪਣੇ ਦਰਦ ਭਰੇ ਗੀਤਾਂ ਰਾਹੀਂ ਪੰਜਾਬ ਵਿਚ ਨਸ਼ਿਆਂ ਦੀ ਮਾਰ ਹੇਠ ਜਾਨਾਂ ਗੰਵਾ ਰਹੇ ਨੌਜਵਾਨਾਂ ਦੇ ਦੁਖਾਂਤ ਤੋਂ ਜਾਣੂ ਕਰਵਾਇਆ । ਸੁਰਿੰਦਰ ਵਿਰਦੀ, ਅਸ਼ਵਨੀ ਕੁਮਾਰ, ਨਿਰਮਲ ਸੰਘਾ ਅਤੇ ਬਲਬੀਰ ਭੁਝੰਗੀ ਹੁਰਾਂ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਅੱਜ ਦੀ ਮਨੁੱਖੀ ਜਿੰਦਗੀ ਦੇ ਦਰਦਾਂ ਤੋਂ ਜਾਣੂੰ ਕਰਵਾਇਆ । ਗੁਰਦੇਵ ਚੌਹਾਨ ਅਤੇ ਕਾਰਡਿਫ ਤੋਂ ਆਏ ਅਮਰਜੀਤ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਗੁਰੂ ਰਵਿਦਾਸ ਭਵਨ ਹੈਂਡਜ਼ਵਰਥ ਨੇ ਸਮਾਗਮ ਵਿੱਚ ਆਏ ਹੋਏ ਵੀਰਾਂ ਭੈਣਾਂ ਵਾਸਤੇ ਚਾਹ ਪਕੌੜਿਆਂ ਦੀ ਸੇਵਾ ਕੀਤੀ ।
ਅਖ਼ੀਰ ਵਿਚ ਸਾਥੀ ਸ਼ੀਰਾ ਜੌਹਲ ਅਤੇ ਭਗਵੰਤ ਸਿੰਘ ਨੇ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਬਰਾਂਚ ਵੱਲੋਂ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।