ਬਰਮਿੰਘਮ ਖੇਡਾਂ ਦਾ ਬਾਈਕਾਟ ਨਹੀਂ ਕਰੇਗਾ ਭਾਰਤ

ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅੱਜ ਨਿਸ਼ਾਨੇਬਾਜ਼ੀ ਨੂੰ ਹਟਾਉਣ ਨੂੰ ਲੈ ਕੇ ਬਰਮਿੰਘਮ ਖੇਡਾਂ-2022 ਦੇ ਬਾਈਕਾਟ ਦੀ ਧਮਕੀ ਵਾਪਸ ਲੈ ਲਈ ਅਤੇ ਨਾਲ ਹੀ ਐਲਾਨ ਕੀਤਾ ਕਿ ਦੇਸ਼ 2026 ਜਾਂ 2030 ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕਰੇਗਾ। ਓਲੰਪਿਕ ਖੇਡਾਂ ਦੀ ਦੇਸ਼ ਵਿੱਚ ਸਿਖਰਲੀ ਸੰਸਥਾ ਆਈਓਏ ਹੁਣ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਲੋੜੀਂਦੀ ਮਨਜ਼ੂਰੀ ਲੈਣ ਲਈ ਸਰਕਾਰ ਨਾਲ ਸੰਪਰਕ ਕਰੇਗੀ। ਭਾਰਤ ਨੇ ਸਾਲ 2020 ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇੱਥੇ ਸਾਲਾਨਾ ਆਮ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ। ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ, ‘‘ਅਸੀਂ 2026 ਜਾਂ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਨਾਲ ਹੀ ਅਸੀਂ 2022 ਰਾਸ਼ਟਰਮੰਡਲ ਖੇਡਾਂ ਲਈ ਵੀ ਆਪਣੀ ਟੀਮ ਭੇਜਣ ਦਾ ਫ਼ੈਸਲਾ ਕੀਤਾ ਹੈ।’’ ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਦੀ ਪ੍ਰਧਾਨ ਡੈਮ ਲੂਈ ਮਾਰਟਿਨ ਨੇ ਭਾਰਤ ਦੀ ਬਰਮਿੰਘਮ ਖੇਡਾਂ ਵਿੱਚ ਨੁਮਾਇੰਦਗੀ ਦੀ ਪੁਸ਼ਟੀ ਕਰਨ ਦਾ ਸਵਾਗਤ ਕੀਤਾ ਹੈ। ਲੂਈ ਮਾਰਟਿਨ ਨੇ ਬਿਆਨ ਵਿੱਚ ਕਿਹਾ, ‘‘ਸੀਜੀਐੱਫ ਅਤੇ ਪੂਰੀ ਰਾਸ਼ਟਰਮੰਡਲ ਖੇਡ ਮੁਹਿੰਮ ਨੂੰ ਇਸ ਗੱਲ ਤੋਂ ਹੁਲਾਰਾ ਮਿਲਿਆ ਹੈ ਕਿ ਭਾਰਤ (ਆਈਓਏ) ਨੇ ਨਵੀਂ ਦਿੱਲੀ ਵਿੱਚ ਆਪਣੀ ਸਾਲਾਨਾ ਆਮ ਮੀਟਿੰਗ ਦੌਰਾਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ ਹੈ।’’ ਸੀਜੀਐੱਫ ਨੂੰ ਇਸ ਦੀ ਵੀ ਖ਼ੁਸ਼ੀ ਹੈ ਕਿ ਭਾਰਤ ਇੱਕ ਵਾਰ ਫਿਰ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰੇਗਾ। ਆਈਓਏ ਨੇ ਨਾਲ ਹੀ ਭਾਰਤੀ ਰਾਸ਼ਟਰਮੰਡਲ ਰਾਈਫ਼ਲ ਐਸੋਸੀਏਸ਼ਨ (ਐੱਨਆਰਏਆਈ) ਦੀ (ਬਰਮਿੰਘਮ ਖੇਡਾਂ ਤੋਂ ਪਹਿਲਾਂ ਵੱਖਰੇ ਤੌਰ ’ਤੇ) ਰਾਸ਼ਟਰਮੰਡਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਸਬੰਧੀ ਤਜਵੀਜ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਆਈਓਏ ਛੇਤੀ ਹੀ ਐੱਨਆਰਏਆਈ ਦੀ ਤਜਵੀਜ਼ ਨੂੰ ਮਨਜ਼ੂਰੀ ਲਈ ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਕੋਲ ਭੇਜੇਗਾ, ਜਿਸ ਮਗਰੋਂ ਸੀਜੀਐੱਫ ਦੀ ਕਾਰਜਕਾਰੀ ਕਮੇਟੀ ਇਸ ਬਾਰੇ ਫ਼ੈਸਲਾ ਕਰੇਗੀ।ਐੱਨਆਰਏਆਈ ਨੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਖ਼ਰਚਾ ਚੁੱਕਣ ਦੀ ਪੇਸ਼ਕਸ਼ ਕੀਤੀ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚੋਂ ਨਿਸ਼ਾਨੇਬਾਜ਼ੀ ਨੂੰ ਹਟਾਉਣ ਮਗਰੋਂ ਆਈਓਏ ਪ੍ਰਮੁੱਖ ਨਰਿੰਦਰ ਬੱਤਰਾ ਨੇ ਭਾਰਤ ਦੇ ਇਨ੍ਹਾਂ ਖੇਡਾਂ ’ਚੋਂ ਹਟਣ ਦੀ ਤਜਵੀਜ਼ ਰੱਖੀ ਸੀ।

Previous articleਕਿਸਾਨਾਂ-ਮਜ਼ਦੂਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ
Next articleਪੰਜਾਬ ਸਰਕਾਰ ਯੂਪੀ ’ਚ ਲੋਕਤੰਤਰ ਦੇ ਘਾਣ ਖ਼ਿਲਾਫ਼ ਆਵਾਜ਼ ਉਠਾਏ: ਨਾਇਬ ਸ਼ਾਹੀ ਇਮਾਮ