ਬਰਫੀ ਵਾਲਾ ਲਿਫਾਫਾ

ਗੁਰਜੀਤ ਕੌਰ 'ਮੋਗਾ'

(ਸਮਾਜ ਵੀਕਲੀ)

ਬਚਪਨ ਜਿੰਦਗੀ ਵਿੱਚ ਪਰਮਾਤਮਾ ਵੱਲੋਂ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ। ਬਚਪਨ ਦੀਆਂ ਗੱਲਾਂ ਚੇਤੇ ਕਰਕੇ ਅਸੀਂ ਇੱਕ ਵਾਰ ਠੰਡਾ ਹਾਉਕਾ ਜ਼ਰੂਰ ਭਰਦੇ ਹਾਂ, ਬਚਪਨ ਦੀ ਇੱਕ ਮਿੱਠੀ ਯਾਦ ਜੋ ਮੇਰੇ ਦਿਲ ਦੀ ਕਿਤਾਬ ਦੇ ਪਹਿਲੇ ਪੰਨੇ ਤੇ ਹੀ ਉੱਕਰੀ ਹੋਈ ਹੈ ਸਭ ਨਾਲ ਸਾਂਝੀ ਕਰਨਾ ਚਾਹਾਂਗੀ। ਸਾਫ਼ ਸੁਥਰਾ ਤੇ ਚੁਲਬੁਲਾ ਮਨ ਆਪਣੀ ਨੀਂਦ ਸੌਣਾ ,ਉੱਠਣਾ, ਖੇਡਣਾ, ਕੁੱਦਣਾ, ਭੋਲਾਪਣ ,ਬੇਫ਼ਿਕਰੀ ਇਹ ਸਭ ਬਚਪਨ ਦੇ ਹਿੱਸੇ ਹੀ ਤਾਂ ਆਇਆ ਹੈ ।

ਆਪਣੇ ਪਰਿਵਾਰ ਵਿੱਚ ਦੋ ਭੈਣਾਂ ਅਤੇ ਇਕ ਭਰਾ ਤੋਂ ਛੋਟੀ ਹੋਣ ਦੇ ਬਾਵਜੂਦ ਵੀ ਮਾਪਿਆਂ ਵੱਲੋਂ ਢੇਰ ਸਾਰਾ ਪਿਆਰ ਮਿਲਿਆ ਜੋ ਅੱਜ ਵੀ ਮਨ ਨੂੰ ਟੁੰਬ ਲੈਂਦਾ ਹੈ ਅਤੇ ਲੈ ਜਾਂਦਾ ਹੈ ਅਤੀਤ ਵਿੱਚ ।ਛੋਟੇ ਹੁੰਦਿਆਂ ਮਾਂ ਮੇਰੇ ਸਿਰ ਤੇ ਜੂੜਾ ਕਰਦੀ ਅਤੇ ਮੁੰਡਿਆਂ ਵਾਲੇ ਕੱਪੜੇ ਪਾਉਦੀ ਡੈਡੀ (ਜੋ ਕਿ ਅੱਜ ਦੁਨੀਆਂ ਵਿੱਚ ਨਹੀਂ ਹਨ) ਚੁੱਕ -ਚੁੱਕ ਕੇ ਖਿਡਾਉਂਦੇ ਅਤੇ ਆਪਣੀ ਦੁਕਾਨ ਤੇ ਲੈ ਜਾਂਦੇ ।ਮੇਰੇ ਪੇਕੇ ਪਰਿਵਾਰ ਵਿੱਚ ਇੱਕ ਪਿਰਤ ਅਜਿਹੀ ਹੈ ਜੋ ਅੱਜ ਵੀ ਬਰਕਰਾਰ ਹੈ ਕਿ ਧੀ ਨੂੰ ਹਮੇਸ਼ਾਂ ਪੁੱਤਰ ਕਹਿ ਕੇ ਬੁਲਾਉਣਾ। ਜਦੋਂ ਮੈਨੂੰ ਸਕੂਲ ਪੜ੍ਹਨੇ ਪਾਇਆ ਗਿਆ ਤਾਂ ਮੇਰੇ ਕੱਪੜੇ ਮੁੰਡਿਆਂ ਵਾਲੇ ਅਤੇ ਜੂੜੇ ਦੀ ਥਾਂ ਦੋ ਗੁੱਤਾ ਕਰਕੇ ਮਾਂ ਸਕੂਲ ਭੇਜਦੀ।ਡੈਡੀ ਦਾ ਕੰਮਕਾਰ ਵਧੀਆ ਹੋਣ ਕਰਕੇ ਪੰਜਵੀਂ ਤਕ ਸਾਰੇ ਭੈਣ ਭਰਾਵਾਂ ਨੂੰ ਮਾਡਲ ਸਕੂਲ ਵਿੱਚ ਪੜ੍ਹਾਇਆ ਜਦ ਕਿ ਅੱਜ ਤੋਂ ਚਾਰ ਦਹਾਕੇ ਪਹਿਲਾਂ ਮਾਡਲ ਸਕੂਲਾਂ ਵਿੱਚ ਕੋਈ ਵਿਰਲਾ ਹੀ ਪੜ੍ਹਾਉਂਦਾ ਸੀ।

ਮੈਂ ਹਰ ਰੋਜ਼ ਸਕੂਲ ਤੋਂ ਆਉਂਦਿਆਂ ਹੀ ਡੈਡੀ ਕੋਲ ਦੁਕਾਨ ਤੇ ਚਲੇ ਜਾਣਾ। ਡੈਡੀ ਨੇ ਇੱਕ ਪਾਈਆ ਬਰਫ਼ੀ ਹਰ ਰੋਜ਼ ਮੇਰੇ ਲਈ ਮੰਗਵਾ ਲੈਣੀ ।ਦੁਕਾਨ ਦੇ ਬਿਲਕੁਲ ਨੇੜੇ ਢਾਬਾ ਸੀ। ਡੈਡੀ ਨੇ ਮੈਨੂੰ ਗੋਦੀ ਚੁੱਕਣਾ ਤੇ ਬਰਫ਼ੀ ਵਾਲਾ ਲਿਫ਼ਾਫ਼ਾ ਦੇ ਦੇਣਾ ।ਹੁਣ ਮੇਰਾ ਬਰਫ਼ੀ ਵਾਲਾ ਲਿਫਾਫਾ ਪੱਕਾ ਹੋ ਗਿਆ ਸੀ। ਸਕੂਲ ਤੋਂ ਆਉਂਦਿਆਂ ਹੀ ਦੁਕਾਨ ਤੇ ਜਾਣਾ ਤੇ ਕਦੇ ਡੈਡੀ ਨੇ ਉੱਚੀ ਆਵਾਜ਼ ਵਿੱਚ ਢਾਬੇ ਵਾਲੇ ਨੂੰ ਕਹਿ ਦੇਣਾ ਬਰਫ਼ੀ ਦੇ ਜਾ ਮੇਰੇ ਪੁੱਤਰ ਨੂੰ। ਮੈਂ ਕੁਝ ਖਾ ਲੈਣੀ ਅਤੇ ਕੁਝ ਉੱਥੇ ਹੀ ਦੁਕਾਨ ਦੇ ਅੱਡੇ ਤੇ ਹੀ ਛੱਡ ਆਉਣੀ। ਘਰ ਆਉਂਦਿਆਂ ਹੀ ਮਾਂ ਨੇ ਹੱਸ ਕਿ ਕਹਿ ਛੱਡਣਾ “ਇਸ ਨੇ ਕੀ ਰੋਟੀ ਖਾਣੀ ਏ?

ਇਸ ਨੂੰ ਤਾਂ ਬਰਫ਼ੀ ਮਿਲਦੀ ਏ।” ਦੂਜੇ ਭੈਣ ਭਰਾਵਾਂ ਨੇ ਕਹਿਣਾ ਕਿ “ਇਹ ਤਾਂ ਡੈਡੀ ਦਾ ਬਰਫ਼ੀ ਵਾਲਾ ਲਿਫਾਫਾ ਹੈ” ਭਾਵੇਂ ਡੈਡੀ ਘਰ ਖਾਣ ਲਈ ਬਹੁਤ ਸਾਮਾਨ ਲਿਆਉਂਦੇ ਪਰ ਮੇਰੇ ਲਈ ਇੱਕ ਵਿਸ਼ੇਸ਼ ਹੁੰਦਾ ਸੀ। ਮਾਪੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਧੀ ਤੇ ਪੁੱਤਰ ਵਿੱਚ ਕੋਈ ਫ਼ਰਕ ਨਾ ਸਮਝਦੇ। ਮੈਨੂੰ ਅੱਜ ਵੀ ਆਪਣੇ ਮਾਂ ਬਾਪ ਦੀ ਉੱਚੀ ਸੋਚ ਉੱਤੇ ਮਾਣ ਹੈ।ਮਾਪਿਆਂ ਦੇ ਘਰ ਧੀਆਂ ਹੋਣ ਦੇ ਬਾਵਜੂਦ ਵੀ ਪੁੱਤਰਾਂ ਵਾਂਗ ਪਾਲਣਾ ਸਾਡੀ ਮਾਂ ਬਾਪ ਦੀ ਉੱਚੀ ਅਤੇ ਸੁੱਚੀ ਸੋਚ ਦਾ ਸਬੂਤ ਸੀ। ਡੈਡੀ ਵੱਲੋਂ ਮਿਲਦੇ ਬਰਫ਼ੀ ਵਾਲੇ ਲਿਫ਼ਾਫ਼ੇ ਵਿੱਚ ਜੋ ਨਿੱਘ ਪਿਆਰ ਦੁਲਾਰ ਮਿਲਿਆ ਉਸਦੀ ਖੁਸ਼ਬੂ ਅੱਜ ਵੀ ਮਨ ਨੂੰ ਮਹਿਕਾ ਦਿੰਦੀ ਹੈ ।

ਜ਼ਿਹਨ ਵਿੱਚ ਇੱਕ ਸਵਾਲ ਘੁੰਮਦਾ ਹੈ ਕਿ ਅੱਜ ਸਮਾਜ ਵਿੱਚ ਧੀ ਨੂੰ ਬਚਾਉਣ ਲਈ ਸੈਮੀਨਾਰ ,ਭਰੂਣ ਹੱਤਿਆ ਰੋਕਣ ਲਈ ਕਾਨੂੰਨ ‘ਬੇਟੀ ਬਚਾਓ ਬੇਟੀ ਪੜ੍ਹਾਓ’ ‘ਨੰਨ੍ਹੀ ਛਾਂ’ ਵਰਗੇ ਨਾਅਰਿਆਂ ਦੀ ਲੋੜ ਕਿਉਂ ਪਈ?ਤੇ ਠੰਢਾ ਹਉਕਾ ਭਰਦੀ ਹਾਂ ਕਾਸ਼!ਹਰ ਧੀ ਦੇ ਮਾਪਿਆਂ ਦੀ ਸੋਚ ਮੇਰੇ ਮਾਂ ਬਾਪ ਵਰਗੀ ਹੋਵੇ।ਅਨਪੜ੍ਹ ਹੋਣ ਦੇ ਬਾਵਜੂਦ ਵੀ ਵਿਗਿਆਨਕ ਸੋਚ ਰੱਖਣ ਵਾਲੇ ਅਤੇ ਧੀਆਂ ਨੂੰ ਪੁੱਤਰਾਂ ਦਾ ਦਰਜਾ ਦੇਣ ਵਾਲੇ ਮੇਰੇ ਮਾਪਿਆਂ ਵਰਗੇ ਮਾਪੇ ਹੀ ਸਮਾਜ ਦੀ ਨੁਹਾਰ ਤੇ ਮੁਹਾਂਦਰਾ ਬਦਲ ਸਕਦੇ ਹਨ।

ਅੱਜ ਵੀ ਮੇਰੇ ਅਤੀਤ ਨਾਲ ਜੁੜਿਆ ਬਰਫੀ ਲਿਫਾਫਾ ਤੇ ਉਸ ਵਿੱਚ ਮੇਰੇ ਡੈਡੀ ਦਾ ਸਾਡੇ ਪ੍ਰਤੀ ਪੁੱਤਰਾਂ ਵਾਲਾ ਲਾਡ ਪਿਆਰ,ਉਨ੍ਹਾਂ ਦੀ ਹੋਂਦ ਦਾ ਅਹਿਸਾਸ ਕਰਾਉਂਦਾ ਪ੍ਰਤੀਤ ਹੁੰਦਾ ਹੈ।ਮੇਰੇ ਤੋਂ ਛੋਟੀ ਭੈਣ ਦੇ ਜਨਮ ਵੇਲੇ ਡੈਡੀ ਅਜਿਹਾ ਸੋਫਾ ਲੈ ਕੇ ਆਏ ਜੋ ਖੁੱਲ੍ਹ ਕੇ ਬੈੱਡ ਬਣ ਜਾਂਦਾ ਸੀ ।ਡੈਡੀ ਮੁਤਾਬਕ ਉਸ ਨੂੰ ਵਾਣ ਵਾਲੇ ਮੰਜੇ ਤੇ ਇਹ ਇਸ ਲਈ ਨਹੀਂ ਸੁਆਇਆ ਜਾਂਦਾ ਸੀ ਤਾਂ ਜੋ ਉਸ ਨੂੰ ਚੁੱਭਣ ਨਾ ਹੋਵੇ।ਸੌਫ਼ੇ ਦੀ ਢੋਹ ਨੂੰ ਖੋਲ੍ਹ ਕੇ ਨਰਮ ਬੈੱਡ ਉੱਤੇ ਹੀ ਉਸ ਨੂੰ ਸੁਆਇਆ ਜਾਂਦਾ ਸੀ। ਦੋ ਮੱਝਾਂ ਹਮੇਸ਼ਾਂ ਡੈਡੀ ਘਰ ਰੱਖਦੇ ਸਨ ਅਤੇ ਮਾਂ ਨੂੰ ਦੁੱਧ ਨਾ ਵੇਚਣ ਦੀ ਹਦਾਇਤ ਦਿੰਦੇ ਤਾਂ ਕਿ ਬੱਚਿਆਂ ਨੂੰ ਖੁੱਲ੍ਹਾ ਡੁੱਲ੍ਹਾ ਦੁੱਧ ,ਘਿਓ ਖਾਣ ਨੂੰ ਮਿਲੇ ।

ਮਾਂ ਸਵੇਰੇ ਸਵਖਤੇ ਉਠਦੀ ਨਹਾ ਕੇ ਪਾਠ ਕਰਿਆ ਕਰਦੀ ।ਉਨ੍ਹਾਂ ਦਿਨਾਂ ਵਿੱਚ ਲੋਕ ਵੀ ਭੋਲੇ ਭਾਲੇ ਤੇ ਸਿੱਧੇ ਸਾਦੇ ਸੁਭਾਅ ਦੇ ਹੁੰਦੇ ਸਨ।ਮਾਂ ਕੋਈ ਧਾਰਨਾ ਗਾ ਕੇ ਪ੍ਰਮਾਤਮਾ ਦਾ ਜੱਸ ਕਰਿਆ ਕਰਦੀ ਤੇ ਚਾਟੀ ‘ਚ ਮਧਾਣੀ ਪਾਉਂਦੀ। ਮਾਂ ਦੀ ਆਸਥਾ ਸੀ ਕਿ ਇੰਝ ਕੰਮ ਕਰਨ ਨਾਲ ਘਰੇ ਬਰਕਤ ਬਣੀ ਰਹਿੰਦੀ ਹੈ।ਅੰਮ੍ਰਿਤ ਵੇਲੇ ਉੱਠਣ ਦਾ ਨੇਮ ਮਾਂ ਦਾ ਅਜ ਵੀ ਬਰਕਰਾਰ ਹੈ।ਰੋਜ਼ਾਨਾ ਗੁਰਦੁਆਰੇ ਮੱਥਾ ਟੇਕਣ ਜਾਣਾ ੳਹ ਵੇਲਾ ਮਾਂ ਨੇ ਅੱਜ ਤੱਕ ਨਹੀਂ ਖੁੰਝਣ ਦਿੱਤਾ।ਮਾਂ ਦੇ ਹੱਥਾਂ ਦੀ ਬਰਕਤ ਨਾਲ ਘਰੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ।ਡੈਡੀ ਵੀ ਸਾਨੂੰ ਬੇਹੱਦ ਪਿਆਰ ਕਰਦੇ ਧੀਆਂ ਨੂੰ ਪੁੱਤ- ਪੁੱਤ ਕਰਦੇ ਨਾ ਥੱਕਦੇ।

ਹਰ ਚਾਅ ਲਾਡ ਪੂਰਾ ਕਰਦੇ। ਆਵਦੀ ਦੁਕਾਨ ਤੋਂ ਦੇਰ ਰਾਤ ਤਕ ਕੰਮ ਤੋਂ ਆਉਂਦੇ ਤੇ ਸਾਨੂੰ ਸੁੱਤਿਆਂ ਨੂੰ ਜਗਾ ਕੇ ਆਪਣੇ ਨਾਲ ਖਾਣਾ ਖਵਾਉਂਦੇ। ਭਾਵੇਂ ਮਾਂ “ਬੱਚਿਆਂ ਨੂੰ ਸੁੱਤੇ ਰਹਿਣ ਦਿਉ ਇਨ੍ਹਾਂ ਨੇ ਸਵੇਰੇ ਸਕੂਲ ਜਾਣਾ ਹੈ”ਦੇ ਵਾਸਤੇ ਪਾਉਂਦੀ ਪਰ ਡੈਡੀ ਮਾਂ ਦੀ ਇਕ ਨਾ ਸੁਣਦੇ ਤੇ ਕਹਿੰਦੇ ਹੁੰਦੇ ਸੀ “ਮੈਨੂੰ ਕੱਲੇ ਨੂੰ ਰੋਟੀ ਨੀ ਸੁਆਦ ਲੱਗਦੀ, ਜਿੰਨਾ ਚਿਰ ਮੇਰੇ ਪੁੱਤ ਮੇਰੇ ਨਾਲ ਰੋਟੀ ਨਹੀਂ ਖਾਂਦੇ।”

ਆਪਣੇ ਕੰਮ ਵਿੱਚ ਵੀ ਡੈਡੀ ਪੂਰੇ ਮਿਹਨਤੀ ਤੇ ਪ੍ਰਪੱਕ ਸਨ।ਕੰਮ ਦੇ ਪੱਕੇ ਮਾਸਟਰ ਹੋਣ ਕਰਕੇ ਸਾਰੇ ਉਨ੍ਹਾਂ ਨੂੰ ਮਾਸਟਰ ਜੀ ਕਹਿ ਕੇ ਬੁਲਾਉਂਦੇ। ਡੈਡੀ ਦੀ ਪਛਾਣ ਉਨ੍ਹਾਂ ਦੇ ਨਾਂ ਤੋਂ ਨਹੀਂ ਮਾਸਟਰ ਜੀ ਤੋਂ ਹੁੰਦੀ ਸੀ। ਮਾਂ ਵੀ ਬੜੇ ਨਿੱਘੇ ਤੇ ਨਰਮ ਸੁਭਾਅ ਦੀ ਸੀ। ਸਾਰਾ ਦਿਨ ਘਰ ਦੇ ਕੰਮ ਵਿੱਚ ਜੁਟੀ ਰਹਿੰਦੀ ਤਾਂ ਵੀ ਗੁੱਸਾ ਉਸ ਦੇ ਨੇਡ਼ੇ ਤੇਡ਼ੇ ਨਾ ਹੁੰਦਾ। ਮੇਰੀ ਇੱਕ ਸਹੇਲੀ ਹਮੇਸ਼ਾਂ ਮੇਰੇ ਕੋਲ ਝੂਰਦੀ ਰਹਿੰਦੀ ਤੇ ਕਹਿੰਦੀ “ਮੇਰੀ ਮਾਂ ਵੀ ਥੋਡੀ ਮੰਮੀ ਵਰਗੀ ਹੋਣੀ ਚਾਹੀਦੀ ਸੀ।”

ਉਸ ਦੇ ਇਹ ਬੋਲ ਸੁਣ ਕੇ ਮੈਨੂੰ ਆਪਣੇ ਮਾਪਿਆਂ ਤੇ ਬਹੁਤ ਫਖ਼ਰ ਮਹਿਸੂਸ ਹੁੰਦਾ। ਕਰਮਾਂ ਵਾਲਿਆਂ ਦੇ ਹਿੱਸੇ ਆਉਂਦੇ ਹਨ ਅਜਿਹੇ ਮਾਪੇ ਜਿਹੜੇ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗ ਪਾਲਦੇ ਹਨ।

ਬਚਪਨ ਚੇਤੇ ਕਰਕੇ ਮਨ ਅਜ ਵੀ ਗਦ ਗਦ ਹੋ ਜਾਂਦਾ ਹੈ।ਮਾਂ ਕੁਝ ਵੀ ਸਾਡੇ ਤੋਂ ਵੱਖ ਮੇਰੇ ਭਰਾ ਨੂੰ ਨਹੀਂ ਦਿੰਦੀ ਸੀ ਬਲਕੇ ਪੁੱਤਰਾਂ ਵਾਂਗ ਹੀ ਸਾਡਾ ਪਾਲਣ ਪੋਸ਼ਣ ਬਰਾਬਰਤਾ ਵਾਲਾ ਸੀ। ਡੈਡੀ ਦੀ ਸੋਚ ਸੀ ਕਿ ਮੈਂ ਆਪਣੀਆਂ ਧੀਆਂ ਦੇ ਕਰਮ ਹੀ ਖਾਂਦਾ ਹਾਂ। ਮਾਂ ਨੂੰ ਕਹਿੰਦੇ ਸੀ ਇਹ ਮੇਰੇ ਪੁੱਤਰ ਹਨ ਧੀਆਂ ਨਹੀਂ। ਅੱਜ ਜਦੋਂ ਕੂੜੇ ਦੇ ਢੇਰ ਚੋਂ ਜਾਂ ਝਾੜੀਆਂ ਚੋਂ ਨਵਜਾਤ ਲੜਕੀ ਮਿਲੀ ਵਰਗੀਆਂ ਖ਼ਬਰਾਂ ਪੜ੍ਹੀ ਦੀਆਂ ਹਾਂ ਤਾਂ ਰੂਹ ਕੰਬ ਜਾਂਦੀ ਹੈ। ਧੀਆਂ ਪ੍ਰਤੀ ਰੂੜੀਵਾਦੀ ਸੋਚ ਰੱਖਣ ਵਾਲੇ ਲੋਕ ਅੱਜ ਵੀ ਸਮਾਜ ਦੇ ਮੱਥੇ ਤੇ ਕਲੰਕ ਹਨ। ਕਾਸ਼ ਹਰ ਕਿਸੇ ਦੀ ਧੀਆਂ ਪ੍ਰਤੀ ਸੋਚ ਮੇਰੇ ਮਾਂ ਬਾਪ ਵਰਗੀ ਹੋਵੇ। ਅੱਜ ਵੀ ਮੇਰੇ ਮਾਂ ਤੇ ਸਵਰਗੀ ਡੈਡੀ ਦੀ ਸੋਚ ਨੂੰ ਸਲਾਮ ਹੈ।

ਗੁਰਜੀਤ ਕੌਰ ‘ਮੋਗਾ’
[email protected]

Previous articleਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕਿਸਾਨੀ ਸੰਘਰਸ਼ ਨੂੰ ਬਿਆਨ ਕਰਦੀ ਚਿੱਤਰ ਪ੍ਰਦਰਸ਼ਨੀ ਲਗਾਈ ਗਈ
Next articleਲਾਇਨਮੈਨ ਕੁਲਵਿੰਦਰ ਸਿੰਘ ਬੁਰਜ