ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) – ਬਰਤਾਨੀਆ ‘ਚ ਕੋਰੋਨਾ ਮਹਾਂਮਾਰੀ ਦੌਰਾਨ 7 ਲੱਖ 50 ਹਜ਼ਾਰ ਦੇ ਕਰੀਬ ਲੋਕ ਬੇਰੁਜ਼ਗਾਰ ਹੋਏ ਹਨ | ਇਨ੍ਹਾਂ ਅੰਕੜਿਆਂ ਅਨੁਸਾਰ ਇਕੱਲੇ ਜੂਨ ‘ਚ ਹੀ 1,39,000 ਤੋਂ ਜ਼ਿਆਦਾ ਨੌਕਰੀਆਂ ਗਈਆਂ ਹਨ | ਇਨ੍ਹਾਂ ਚਿੰਤਾਜਨਕ ਬੇਰੁਜ਼ਗਾਰੀ ਅੰਕੜੇ ਜਾਰੀ ਹੋਣ ਤੋਂ ਬਾਅਦ ਬਰਤਾਨੀਆ ਵਲੋਂ ਅਧਿਕਾਰਤ ਤੌਰ ‘ਤੇ ਆਰਥਿਕ ਸੰਕਟ ‘ਚ ਫਸਣ ਦਾ ਐਲਾਨ ਕਰਨ ਦੀ ਸੰਭਾਵਨਾ ਵੱਧ ਰਹੀ ਹੈ | ਪਿਛਲੇ ਸਾਲ ਨਾਲੋਂ 20 ਜਾਂ ਇਸ ਤੋਂ ਵੱਧ ਨੌਕਰੀਆਂ ‘ਚ ਕਟੌਤੀ ਕਰਨ ਵਾਲੀਆਂ ਫ਼ਰਮਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਪੰਜ ਗੁਣਾ ਵੱਧ ਕੇ 1,778 ਹੋ ਗਈ ਹੈ |
ਸਾਲ ਦੀ ਦੂਜੀ ਤਿਮਾਹੀ ਦੇ ਅੰਕੜੇ ਸਪਸ਼ਟ ਤੌਰ ‘ਤੇ ਦਿਖਾਉਂਦੇ ਹਨ ਕਿ ਕੋਰੋਨਾ ਵਾਇਰਸ ਕਾਰਨ ਬੰਦ ਹੋਣ ਤੋਂ ਬਾਅਦ ਅਰਥਵਿਵਸਥਾ ਬਹੁਤ ਸੁੰਗੜ ਰਹੀ ਹੈ | ਇਹ ਸਾਲ ਦੇ ਪਹਿਲੇ ਤਿੰਨ ਮਹੀਨਿਆਂ ‘ਚ ਉਤਪਾਦਨ ‘ਚ ਕਮੀ ਦੇ ਬਾਅਦ ਲਗਾਤਾਰ ਦੋ ਤਿਮਾਹੀਆਂ ‘ਚ ਅਰਥ-ਵਿਵਸਥਾ ਸੁੰਗੜਨਾ ਆਰਥਿਕ ਮੰਦੀ ਦਾ ਕਾਰਨ ਹੈ | ਵਿੱਤੀ ਸੰਕਟ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਐਲਾਨੀ ਆਰਥਿਕ ਮੰਦੀ ਹੋਵੇਗੀ | ਸਰਕਾਰ ਵਲੋਂ ਜੀ. ਡੀ. ਪੀ. ਵਧਾਉਣ ਵਾਲੀਆਂ ਕੰਪਨੀਆਂ ਨੂੰ ਸਿਟੀ ਸੈਂਟਰ ਦੀਆਂ ਸੰਘਰਸ਼ਸ਼ੀਲ ਕੰਪਨੀਆਂ ਦੀ ਮਦਦ ਲਈ ਕੰਮਕਾਜ ਦਫ਼ਤਰ ਤੋਂ ਸ਼ੁਰੂ ਕਰਨ ਬੇਨਤੀ ਕੀਤੀ ਜਾ ਰਹੀ ਹੈ |
ਇਹ ਡਰ ਹੈ ਕਿ ਘਰ ਤੋਂ ਕੰਮ ਕਰਨਾ ਆਰਥਿਕਤਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਦਫ਼ਤਰੀ ਕਾਰੋਬਾਰ ‘ਤੇ ਨਿਰਭਰ ਸੈਂਡਵਿਚ ਦੀਆਂ ਦੁਕਾਨਾਂ ਅਤੇ ਪੱਬ, ਡਰਾਈ ਕਲੀਨਰ ਅਤੇ ਹੇਅਰ ਡਰੈੱਸਰ ਆਦਿ ਸਾਰੇ ਕਾਰੋਬਾਰਾਂ ਨੂੰ ਨੁਕਸਾਨ ਹੋ ਰਿਹਾ ਹੈ | ਸੈਂਡਵਿਚ ਚੇਨ ਪ੍ਰੇਟ ਏ ਮੇਂਗਰ ਅਤੇ ਅੱਪਰ ਕਰਸਟ ਨੇ ਪਹਿਲਾਂ ਹੀ ਹਜ਼ਾਰਾਂ ਲੋਕਾਂ ਨੂੰ ਕੰਮ ਤੋਂ ਕੱਢ ਦਿੱਤਾ ਹੈ | ਪ੍ਰੇਟ ਨੇ ਆਪਣੇ ਬਾਕੀ ਬਚੇ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਨੂੰ ਘੱਟ ਕਰਨ ਲਈ ਕਿਹਾ | ਰੁਜ਼ਗਾਰ ਮਾਹਿਰਾਂ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ‘ਚ ਦੇਸ਼ ਨੂੰ ਵਧਦੀ ਬੇਰੁਜ਼ਗਾਰੀ ਲਈ ਤਿਆਰ ਰਹਿਣਾ ਪਵੇਗਾ |
ਇਸ ਤੋਂ ਮਹਿਮਾਨ ਨਿਵਾਜੀ ਅਤੇ ਸੈਰ-ਸਪਾਟਾ ਖੇਤਰਾਂ ਸਮੇਤ ਹੋਰ ਫ਼ਰਮਾਂ ਦੁਆਰਾ ਹੋਰ ਛਾਂਟੀਆਂ ਦਾ ਐਲਾਨ ਕਰਨ ਦੀ ਵੀ ਉਮੀਦ ਕੀਤੀ ਜਾਂਦੀ ਹੈ | ਚਾਰਟਰਡ ਇੰਸਟੀਚਿਊਟ ਆਫ਼ ਪਰਸੋਨਲ ਐਾਡ ਡਿਵੈਲਪਮੈਂਟ ਦੇ ਗੇਰਵਿਨ ਡੇਵਿਸ ਨੇ ਕਿਹਾ ਕਿ ਸਰਕਾਰ ਵਲੋਂ ਆਪਣੀ ਰੁਜ਼ਗਾਰ ਯੋਜਨਾ ‘ਚ ਕਟੌਤੀ ਕਰਨ ਦੇ ਕਾਰਨ ਕਾਰੋਬਾਰਾਂ ਨੂੰ ਹੁਣ ਲਾਗਤ ‘ਚ ਵਾਧਾ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਜੂਨ ‘ਚ ਜਿਹੜੀਆਂ ਕੰਪਨੀਆਂ ਨੇ ਕਾਮਿਆਂ ਨੂੰ ਕੱਢਣ ਦਾ ਐਲਾਨ ਕੀਤਾ ਸੀ ਉਨ੍ਹਾਂ ‘ਚ ਰਾਇਲ ਮੇਲ, ਜੈੱਟ 2, ਐੱਚ.ਐਸ.ਬੀ.ਸੀ., ਜੈਗੂਆਰ ਲੈਂਡ ਰੋਵਰ, ਸੈਂਟਰਿਕ ਐਾਡ ਰੈਸਟੋਰੈਂਟ ਗਰੁੱਪ, ਫਰੈਂਕੀ ਅਤੇ ਬੇਨੀ ਦੇ ਮਾਲਕ ਸ਼ਾਮਿਲ ਸਨ | ਜੁਲਾਈ ‘ਚ ਹੋਰ ਵੀ ਵੱਡੀਆਂ ਕੰਪਨੀਆਂ ਨੇ ਨੌਕਰੀਆਂ ਖ਼ਤਮ ਕਰਨ ਦਾ ਐਲਾਨ ਕੀਤਾ, ਜਿਸ ‘ਚ ਮਾਰਕਸ ਐਾਡ ਸਪੈਂਸਰ, ਬੂਟਸ ਅਤੇ ਜੌਹਨ ਲੁਈਸ ਆਦਿ ਸ਼ਾਮਿਲ ਹਨ | ਸੀ.ਆਈ.ਪੀ.ਡੀ. ਦੁਆਰਾ ਕੀਤੀ ਖੋਜ ਨੇ ਪਾਇਆ ਹੈ ਕਿ ਯੂ. ਕੇ. ਦੀਆਂ ਤਿੰਨ ਕੰਪਨੀਆਂ ‘ਚੋਂ ਇਕ ਕੰਪਨੀ ਸਾਲ 2020 ਦੀ ਤੀਜੀ ਤਿਮਾਹੀ ਵਿਚ ਨੌਕਰੀਆਂ ‘ਚ ਹੋਰ ਵੀ ਕਟੌਤੀਆਂ ਕਰ ਸਕਦੀਆਂ ਹਨ |