ਨਕਲੀ ‘ਪੀਜ਼ਾ ਡਿਲਿਵਰੀ ਬੁਆਏ’ ਦਾ ਨਕਾਬ ਪਹਿਨ 25000 ਪੌਡ ਦਾ ਸੋਨਾ ਲੁੱਟੇ

ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) : ਇੰਗਲੈਂਡ ਵਿਚ ਲੁਟੇਰਿਆਂ ਨੇ ਨਕਲੀ ‘ਪੀਜ਼ਾ ਡਿਲਿਵਰੀ ਬੁਆਏ’ ਦਾ ਨਕਾਬ ਪਹਿਨ ‘ਤੇ ਇਕ ਘਰ ਵਿਚ ਦਾਖਲ ਹੋ ਕੇ 25000 ਪੌਡ ਦਾ ਸੋਨਾ ਲੁੱਟੇ ਜਾਣ ਦੀ ਖ਼ਬਰ ਮਿਲੀ ਹੈ | ਬਰਾਈਮੇਟ ਹਲਕੇ ਦੀ ਮੌਬਰਲੇਅ ਰੋਡ ਸਥਿਤ ਇਕ ਘਰ ਵਿਚ ਨਕਾਬ ਪੋਸ਼ ਲੁਟੇਰਿਆਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਤਾਂ ਇਕ ਮਹਿਲਾ ਨੇ ਦਰਵਾਜ਼ਾ ਖੋਲਿ੍ਹਆ ਤਾਂ ਲੁਟੇਰਿਆਂ ਨੇ ਕਿਹਾ ਕਿ ਪੀਜ਼ਾ ਆਇਆ ਹੈ |

ਮਹਿਲਾ ਨੇ ਆਪਣੀ 18 ਸਾਲਾ ਭਤੀਜੀ ਨਾਡੀਆ ਬੀਬੀ ਨਾਲ ਗੱਲ ਕਰਨ ਨੂੰ ਕਿਹਾ, ਤਾਂ ਨਾਡੀਆ ਨੇ ਉਕਤ ਲੋਕਾਂ ਨੂੰ ਦੱਸਿਆ ਕਿ ਪੀਜ਼ਾ ਡਿਲਿਵਰੀ ਇਕ ਘੰਟਾ ਪਹਿਲਾ ਆ ਗਈ ਸੀ ਅਤੇ ਉਨ੍ਹਾਂ ਹੋਰ ਆਰਡਰ ਨਹੀਂ ਕੀਤਾ | ਮਹਿਲਾ ਅਤੇ ਨਾਡੀਆ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਤਾਂ ਦੋ ਹੋਰ ਨਕਾਬਪੋਸ਼ ਵਿਅਕਤੀ ਘਰ ‘ਚ ਜ਼ਬਰਦਸਤੀ ਦਾਖਲ ਹੋ ਗਏ | ਨਾਡੀਆ ਬੀਬੀ ਨੇ ਦੱਸਿਆ ਕਿ ਉਨ੍ਹਾਂ ਕੋਲ ਹਥੌੜਾ ਅਤੇ ਚਾਕੂ ਸੀ, ਦੋ ਲੋਕਾਂ ਨੇ ਉਨ੍ਹਾਂ ਨੂੰ ਜਕੜ ਲਿਆ ਅਤੇ ਘਰ ‘ਚ ਰਹਿੰਦੇ ਹੋਰ ਬੱਚਿਆਂ ਨੇ ਆਪਣੇ ਕਮਰਿਆਂ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ |

ਪਰ ਇਕ ਲੁਟੇਰੇ ਨੇ ਘਰ ਦੇ ਹਰ ਕਮਰੇ ਦੀ ਫਰੋਲਾ ਫਰੋਲੀ ਕੀਤੀ ਅਤੇ 25000 ਪੌਡ ਦਾ ਸੋਨਾ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਮਾਨਚੈਸਟਰ ਪੁਲਿਸ ਅਨੁਸਾਰ ਉਕਤ ਘਟਨਾ 29 ਜੁਲਾਈ ਨੂੰ ਸ਼ਾਮੀ 10:45 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ | ਸੀ. ਸੀ. ਟੀ. ਵੀ. ਦੇ ਫੁਟੇਜ਼ ਅਨੁਸਾਰ ਲੁਟੇਰੇ ਤਿੰਨ ਸਨ ਅਤੇ ਨਕਲੀ ਡਿਲਿਵਰੀ ਵਿਅਕਤੀ ਏਸ਼ਿਆਈ ਮੂਲ ਦਾ ਸੀ |

Previous articleਬਰਤਾਨੀਆ ‘ਚ ਕੋਰੋਨਾ ਮਹਾਂਮਾਰੀ ਦੌਰਾਨ 7 ਲੱਖ 50 ਹਜ਼ਾਰ ਦੇ ਕਰੀਬ ਲੋਕ ਬੇਰੁਜ਼ਗਾਰ
Next articleਭਾਰਤ ਦੀ ਸੁਣੋ ਤਰੱਕੀ ਜੀ